ਜਲੰਧਰ- ਪੰਜਾਬ ਸਰਕਾਰ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਵਰਲਡ ਕਬੱਡੀ ਕੱਪ ਇਸ ਸਾਲ ਨਹੀਂ ਹੋਵੇਗਾ। ਦਰਅਸਲ ਇਸ ਵਾਰ ਸਰਕਾਰ ਕੁਝ ਹੋਰ ਸੋਚ ਰਹੀ ਹੈ। ਉਸ ਦਾ ਇਰਾਦਾ ਇਸ ਸਾਲ ਵਰਲਡ ਕਬੱਡੀ ਕੱਪ ਦੀ ਬਜਾਏ ਕਬੱਡੀ ਲੀਗ ਕਰਾਉਣ ਦਾ ਹੈ। ਜਿਵੇਂ ਕ੍ਰਿਕਟ ‘ਚ ਇੰਡੀਅਨ ਪ੍ਰੀਮੀਅਰ ਲੀਗ Kabaddi(ਆਈ.ਪੀ.ਐੱਲ) ਮਸ਼ਹੂਰ ਹੈ ਤਿਵੇਂ ਪੰਜਾਬ ਸਰਕਾਰ ਵੀ ਕਬੱਡੀ ਦੀ ਲੀਗ ਸ਼ੁਰੂ ਕਰਨ ‘ਤੇ ਵਿਚਾਰਾਂ ਕਰ ਰਹੀ ਹੈ।
ਇਹ ਲੀਗ ਪਾਕਿਸਤਾਨ ਨਾਲ ਮਿਲ ਕੇ ਕਰਾਈ ਜਾਵੇਗੀ ਅਤੇ ਇਸ ਦੇ ਲਈ ਪੰਜਾਬ ਸਰਕਾਰ ਨੇ ਇਕ ਪ੍ਰਾਈਵੇਟ ਕੰਪਨੀ ਨਾਲ ਰਾਬਤਾ ਕਾਇਮ ਕੀਤਾ ਹੈ। ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬ ਸਰਕਾਰਾਂ ਵਿਚਾਲੇ ਸਭ ਕੁਝ ਤੈਅ ਹੋ ਚੁੱਕਾ ਹੈ ਅਤੇ ਇਸ ਲੀਗ ਦੇ ਅੱਧੇ ਮੈਚ ਪਾਕਿਸਤਾਨ ‘ਚ ਅਤੇ ਅੱਧੇ ਭਾਰਤ ‘ਚ ਖੇਡੇ ਜਾਣਗੇ। ਜਿਹੜੀ ਪ੍ਰਾਈਵੇਟ ਕੰਪਨੀ ਨਾਲ ਸੰਪਰਕ ਕੀਤਾ ਗਿਆ ਹੈ ਉਹ ਕਬੱਡੀ ਕੱਪ ਅਤੇ ਲੀਗ ਨੂੰ ਸਪਾਂਸਰ ਕਰੇਗੀ।
ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਵਾਰ ਸਾਡੀ ਯੋਜਨਾ ਲੀਗ ਕਰਾਉਣ ਦੀ ਹੀ ਹੈ। ਇਸ ਦੇ ਬਾਰੇ ਆਖ਼ਰੀ ਫੈਸਲਾ ਜਲਦ ਹੀ ਲੈ ਲਿਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਇਕ ਸਾਲ ਕਬੱਡੀ ਕੱਪ ਹੋਵੇ ਅਤੇ ਇਕ ਸਾਲ ਲੀਗ ਕਰਵਾਈ ਜਾਵੇ।
ਗੌਰਤਲਬ ਹੈ ਕਿ ਸਰਕਾਰ ਨੇ ਇਹ ਯੋਜਨਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬਣਾ ਲਈ ਸੀ ਪਰ ਇਸ ਦਾ ਖੁਲਾਸਾ ਨਹੀਂ ਕੀਤਾ ਸੀ।