ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦਾ ਮਾਣ ਦਾਅ ‘ਤੇ ਲੱਗਾ, ਕੀਤੀ ਮਦਦ ਦੀ ਅਪੀਲ

ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦਾ ਮਾਣ ਦਾਅ 'ਤੇ ਲੱਗਾ, ਕੀਤੀ ਮਦਦ ਦੀ ਅਪੀਲ

ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਆਸਟ੍ਰੇਲੀਆ ਆਏ ਪੰਜਾਬੀ ਨੌਜਵਾਨ ‘ਤੇ ਉਸ ਸਮੇਂ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਜਦੋਂ ਆਸਟ੍ਰੇਲੀਆ ਵਿਚ ਉਸ ਨੂੰ ਇਕ ਲੜਕੀ ਨੇ ਬਲਾਤਕਾਰ ਦੇ ਝੂਠੇ ਕੇਸ ਵਿਚ ਫਸਾ ਦਿੱਤਾ। ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਸਾਲ 2009 ਵਿਚ ਆਸਟ੍ਰੇਲੀਆ ਵਿਚ ਆਏ ਸੀ। ਸੰਦੀਪ ਕੌਰ ਸਟਡੀ ਵੀਜ਼ਾ ‘ਤੇ ਆਸਟ੍ਰੇਲੀਆ ਆਈ ਸੀ, ਜਦੋਂ ਕਿ ਹਰਪ੍ਰੀਤ ਸਿੰਘ ਉਸ ਦੇ ਸਪਾਊਸ ਦੇ ਰੂਪ ਵਿਚ ਉਸ ਦੇ ਨਾਲ ਆਇਆ। 9 ਫਰਵਰੀ, 2012 ਨੂੰ ਹਰਪ੍ਰੀਤ ਨੂੰ ਕੁਈਨਸਲੈਂਡ ਦੀ ਪੁਲਸ ਨੇ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਸੀ। ਉਸ ਦਿਨ ਤੋਂ ਉਸ ਦੇ ਹੱਸਦੇ-ਖੇਡਦੇ ਪਰਿਵਾਰ ‘ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਤਕਰੀਬਨ 9 ਮਹੀਨਿਆਂ ਤੱਕ ਉਸ ਨੂੰ ਜੇਲ ਵਿਚ ਬੰਦ ਰੱਖਿਆ ਗਿਆ ਅਤੇ ਇਸ ਸਮੇਂ ਦੌਰਾਨ ਉਸ ਨੂੰ ਇਕ ਵਾਰ ਵੀ ਇਸ ਡਰੋਂ ਜ਼ਮਾਨਤ ਨਹੀਂ ਦਿੱਤੀ ਗਈ ਕਿ ਕਿਧਰੇ ਉਹ ਜੇਲ ‘ਚੋਂ ਨਿਕਲ ਕੇ ਆਪਣੇ ਦੇਸ਼ ਉਡਾਰੀ ਨਾ ਮਾਰ ਜਾਵੇ। ਇਨ੍ਹਾਂ 9 ਮਹੀਨਿਆਂ ਵਿਚ ਉਸ ਦੀ ਪਤਨੀ ਅਤੇ ਬੱਚੇ ਨੂੰ ਬੜੇ ਮੁਸ਼ਕਿਲ ਹਲਾਤਾਂ ਵਿਚ ਦਿਨ ਕੱਟੇ ਅਤੇ ਉਸ ਨੂੰ ਰਿਹਾਅ ਕਰਵਾਉਣ ਲਈ ਹਰਪ੍ਰੀਤ ਦੀ ਪਤਨੀ ਸੰਦੀਪ ਨੇ ਦਿਨ-ਰਾਤ ਇਕ ਕਰ ਦਿੱਤਾ। ਜੇਲ ਵਿਚ ਬੰਦ ਹੋਣ ਕਾਰਨ ਉਹ ਆਪਣੇ ਪਿਤਾ ਦੇ ਅੰਤਮ ਸੰਸਕਾਰ ‘ਤੇ ਵੀ ਨਹੀਂ ਪਹੁੰਚ ਸਕਿਆ, ਜਿਨ੍ਹਾਂ ਦੀ ਮੌਤ ਇਕ ਕਾਰ ਹਾਦਸੇ ਵਿਚ ਹੋ ਗਈ ਸੀ। ਇਸ ਤੋਂ ਇਲਾਵਾ ਉਸ ਦੇ ਛੋਟੇ ਭਰਾ ਦੀ ਮੰਗਣੀ ਵੀ ਕੁੜੀ ਵਾਲਿਆਂ ਨੇ ਇਹ ਕਹਿ ਕੇ ਤੋੜ ਦਿੱਤੀ ਕਿ ਉਹ ਅਜਿਹੇ ਵਿਅਕਤੀ ਦੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ।  
8 ਨਵੰਬਰ, 2012 ਨੂੰ ਹਰਪ੍ਰੀਤ ਦੇ ਖਿਲਾਫ ਕੋਈ ਸਬੂਤ ਨਾ ਹੋਣ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਲੜਕੀ ਵੀ ਆਪਣੇ ਬਿਆਨਾਂ ਤੋਂ ਮੁੱਕਰ ਗਈ ਪਰ ਉਦੋਂ ਤੱਕ ਉਹ ਆਪਣੀ ਸਾਰੀ ਜਮਾਂ-ਪੂੰਜੀ, ਜਾਇਦਾਦ ਗਵਾ ਚੁੱਕਾ ਸੀ। ਜ਼ਮਾਨਤ ਲਈ ਟਨਾਟਾ ਨਾਂ ਦੇ ਵਿਅਕਤੀ ਨੇ ਉਨ੍ਹਾਂ ਕੋਲੋਂ ਕਰੀਬ 50000 ਡਾਲਰ ਲੈ ਲਏ। ਇਸ ਤੋਂ ਇਲਾਵਾ ਹੁਣ ਤੱਕ ਉਸ ਨੂੰ ਢਾਈ ਲੱਖ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਇੰਨੀਂ ਵੱਡੀ ਰਕਮ ਇਕੱਠੀ ਕਰਨ ਲਈ ਉਨ੍ਹਾਂ ਨੇ ਭਾਰਤ ਵਿਚ ਆਪਣੀ ਸਾਰੀ ਜ਼ਮੀਨ-ਜਾਇਦਾਦ ਵੀ ਵੇਚ ਦਿੱਤੀ ਅਤੇ ਹੁਣ ਇਹ ਵਾਪਸ ਭਾਰਤ ਵੀ ਨਹੀਂ ਜਾ ਸਕਦੇ। 
ਇਨ੍ਹਾਂ 9 ਮਹੀਨਿਆਂ ਦੌਰਾਨ ਉਹ ਪੁਲਸ ਵੱਲੋਂ ਦਿੱਤੇ ਤਸੀਹਿਆਂ ਕਾਰਨ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਡਿਪਰੈਸ਼ਨ ਵਿਚ ਚਲਾ ਗਿਆ। ਜ਼ਮਾਨਤ ਤੋਂ ਬਾਅਦ ਵੀ ਇਕ ਸਾਲ ਤੱਕ ਕੁਈਨਸਲੈਂਡ ਦੀ ਪੁਲਸ ਨੇ ਹਰਪ੍ਰੀਤ ਦੇ ਪਰਿਵਾਰ ਨੂੰ ਤੰਗ ਕੀਤਾ ਅਤੇ ਕਿਹਾ ਕਿ ਉਹ ਇਸ ਮਾਮਲੇ ਨੂੰ ਭੁੱਲ ਜਾਣ। ਹਰਪ੍ਰੀਤ ਦੀ ਮਦਦ ਲਈ ਉਸ ਦੇ ਇਕ ਦੋਸਤ ਅਤੇ ਗੋਲਡ ਕੋਸਟ ਸਿੱਖ ਐਸੋਸੀਏਸ਼ਨ ਦੇ ਮੈਂਬਰ ਮੰਨੂ ਕਾਲਾ ਨੇ ਲਿਖਤੀ ਰੂਪ ਵਿਚ ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਅਪੀਲ ਕੀਤੀ ਹੈ ਅਤੇ ਛੇਤੀ ਹੀ ਇਸ ਮਾਮਲੇ ਵਿਚ ਮਦਦ ਦੀ ਉਮੀਦ ਕੀਤੀ ਹੈ। 
ਹਰਪ੍ਰੀਤ ਨੇ ਖੁਦ ਨੂੰ ਗਲਤ ਤਰੀਕੇ ਨਾਲ ਜੇਲ ਵਿਚ ਬੰਦ ਕਰਨ, ਤਸੀਹੇ ਦਿੱਤੇ ਜਾਣ ਕਾਰਨ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਉਸ ਨੇ ਆਪਣੇ ਦੋਸਤ, ਪਰਿਵਾਰ, ਪੈਸਾ ਅਤੇ ਸਭ ਤੋਂ ਵੱਧ ਆਪਣਾ ਮਾਣ ਗਵਾ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਦਸਤਾਵੇਜ਼ਾਂ ਦੀ ਘਾਟ ਕਾਰਨ ਉਸ ਦੇ ਮੁਆਵਜ਼ੇ ਦੀ ਮੰਗ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।

468 ad