ਆਰ ਪਾਰ ਦੇ ਸੰਘਰਸ਼ ਵਿੱਚ ਪੰਜਾਬ ਦੀ ਸੰਗਤ ਬਰਗਾੜੀ ਪਹੁੰਚ ਕੇ ਸਿੰਘ ਸਾਹਿਬ ਦੇ ਹੱਥ ਮਜਬੂਤ ਕਰੇ….ਹੰਸਰਾ

ਕੈਨੇਡਾ ਦੀ ਸੰਗਤ ਵਲੋਂ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ ਵਲੋਂ ਦਿੱਤੇ ਧਰਨੇ ਦਾ ਗਹਿ ਗੱਡਵਾਂ ਸਹਿਯੋਗ
ਟਰਾਂਟੋ:- (ਜੂਨ 1 2018-ਪੀ ਡੀ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਤਿੰਨ ਸਾਲ ਹੋ ਗਏ ਹਨ, ਪੰਜਾਬ ਦੇ ਪ੍ਰਸ਼ਾਸ਼ਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਅਕਾਲੀ ਸਰਕਾਰ ਤੋਂ ਕਾਂਗਰਸ ਸਰਕਾਰ ਵੀ ਬਦਲ ਗਈ ਹੈ।
ਅੱਜ ਬਰਗਾੜੀ ਵਿਖੇ ਹੋਏ ਪੰਥਕ ਇਕੱਠ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਮੰਡ, ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਣਮਿੱਥੇ ਸਮ੍ਹੇਂ ਲਈ ਧਰਨੇ ਤੇ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਥ ਵਲੋਂ ਇਹ ਆਰ ਜਾਂ ਪਾਰ ਦਾ ਸੰਘਰਸ਼ ਹੈ ਜਿਸ ਦੀ ਅਸੀਂ ਪੂਰੀ ਸੁਪੋਰਟ ਕਰਦੇ ਹਾਂ। ਇਹ ਵਿਚਾਰ ਸ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਿੱਖ ਕੌਮ ਦਾ ਬਰਦਾਸ਼ਤ ਦਾ ਮਾਦਾ ਵਾਰ ਵਾਰ ਨਹੀਂ ਪਰਖਣਾ ਚਾਹੀਦਾ। ਅਜੋਕੇ ਸਰਬੱਤ ਖਾਲਸਾ ਨਾਲ ਜੁੜੀ ਸਿੱਖ ਲੀਡਰਸ਼ਿਪ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੀ ਹੈ ਜਿੰਨ੍ਹਾਂ ਸਰਕਾਰ ਨਾਲ ਮੱਥਾ ਲਾਉਂਦਿਆਂ ਕਿਹਾ ਸੀ ਕਿ ਹੁਣ ਜਾਂ “ਟਾਂਡਿਆਂ ਵਾਲੀ ਰਹੂ ਤੇ ਜਾਂ ਭਾਂਡਿਆਂ ਵਾਲੀ”।
ਭਾਈ ਪਰਮਿੰਦਰ ਸਿੰਘ ਪਾਂਗਲੀ, ਮਨਵੀਰ ਸਿੰਘ ਅਤੇ ਭਾਈ ਕਰਨੈਲ ਸਿੰਘ ਨੇ ਸਾਂਝੇ ਬਿਆਨ ਵਿੱਚ ਸਿੰਘ ਸਾਹਿਬ ਦੇ ਧਰਨੇ ਤੇ ਬੈਠਣ ਦੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੀ ਹੈ। ਪਿਛਲੀ ਵਾਰ ਕੁੱਝ ਪ੍ਰਚਾਰਕਾਂ ਵਲੋਂ ਧਰਨੇ ਖਤਮ ਕਰਕੇ ਸੰਘਰਸ਼ ਨੂੰ ਤਾਰੋਪੀਡ ਕਰ ਦਿੱਤਾ ਗਿਆ ਸੀ, ਪਰ ਐਤਕੀਂ ਸਿੰਘ ਸਾਹਿਬ ਦੀ ਦ੍ਰਿੜਤਾ ਕੌਮ ਨੂੰ ਕਿਸੇ ਪਾਸੇ ਲਾ ਸਕਦੀ ਹੈ।
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਮੁੱਚੇ ਸੰਸਾਰ ਵਿੱਚ ਬੈਠੀ ਸਿੱਖ ਸੰਗਤ ਨੂੰ ਪੀੜਾ ਦਿੱਤੀ ਸੀ ਅਤੇ ਅੱਜ ਵੀ ਸਿੱਖ ਇਸ ਗੱਲ ਤੋਂ ਚਿੰਤੁਤ ਹਨ ਕਿ ਰਾਜਨੀਤਕ ਲੋਕਾਂ ਦੀ ਸੜੀ ਬੁਸੀ ਸਿਆਸਤ ਸਿੱਖ ਕੌਮ ਨੂੰ ਜ਼ਲੀਲ ਕਰਨ ਤੇ ਤੁਲੀ ਹੋਈ ਹੈ। ਇਹ ਇਨਸਾਫ ਲੈਣ ਲਈ ਖਾਲਸਾ ਪੰਥ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ।
ਕੈਨੇਡਾ ਈਸਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਸੇਵਾਦਾਰਾਂ ਨੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨੇ ਵਾਲੇ ਸਥਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸਿੰਘ ਸਾਹਿਬ ਦੇ ਹੱਥ ਮਜਬੂਤ ਕਰਨ ਤਾਂ ਕਿ ਇਸ ਅਸਥਾਨ ਤੋਂ ਹੀ ਕੌਮ ਦੀ ਜਿੱਤ ਦਾ ਮੁੱਢ ਬੰਨਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਤੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ।

468 ad

Submit a Comment

Your email address will not be published. Required fields are marked *