ਆਮ ਆਦਮੀ ਪਾਰਟੀ ‘ਚ ਮਤਭੇਦ ਹੋਰ ਵਧੇ, ਸ਼ਸ਼ੀਕਾਂਤ ਵੱਖਰਾ ਗਰੁੱਪ ਬਣਾਉਣਗੇ

ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ ਵਿਚ ਮਤਭੇਦ ਹੋਰ ਵਧਦੇ ਜਾ ਰਹੇ ਹਨ। ਤਲਵੰਡੀ ਸਾਬੋ ਵਿਧਾਨ ਸਭਾ ਸੀਟ ਦੀਆਂ ਉਪ ਚੋਣਾਂ ਵਿਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਪਹਿਲਾਂ ਹੀ ਦੋ ਧੜਿਆਂ ਵਿਚ ਵੰਡੀ ਹੋਈ ਸੀ ਪਰ ਹੁਣ ਪਾਰਟੀ ਦੇ ਇਕ ਹੋਰ ਸੀਨੀਅਰ ਨੇਤਾ ਤੇ ਸਾਬਕਾ ਡੀ. ਜੀ. ਪੀ. (ਜੇਲ) ਸ਼ਸ਼ੀਕਾਂਤ ਨੇ ਵੀ ਪਾਰਟੀ ਸੁਪਰੀਮੋ ਅਰਵਿੰਦ Shashi Kantਕੇਜਰੀਵਾਲ ਦੀਆਂ ਨੀਤੀਆਂ ‘ਤੇ ਆਪਣਾ ਅਸੰਤੋਸ਼ ਪ੍ਰਗਟ ਕਰ ਦਿੱਤਾ ਹੈ। ਸ਼ਸ਼ੀਕਾਂਤ ਨੇ ਇਸ ਸੰਬੰਧ ਵਿਚ ਕੇਜਰੀਵਾਲ ਨੂੰ ਈਮੇਲ ਭੇਜ ਕੇ ਪਾਰਟੀ ਦੀਆਂ ਕਈ ਨੀਤੀਆਂ ਵਿਚ ਕੀਤੀ ਗਈ ਸੋਧ ‘ਤੇ ਇਤਰਾਜ਼ ਪ੍ਰਗਟਾਇਆ ਹੈ। ਦੱਸਿਆ ਜਾਂਦਾ ਹੈ ਕਿ ਉਪ ਚੋਣਾਂ ਸੰਪੰਨ ਹੋਣ ਤੋਂ ਬਾਅਦ ਸ਼ਸ਼ੀਕਾਂਤ ਵਲੋਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨੂੰ ਨਾਲ ਲੈ ਕੇ ਇਕ ਵੱਖਰਾ ਗਰੁੱਪ ਬਣਾਇਆ ਜਾ ਸਕਦਾ ਹੈ। ਕੇਜਰੀਵਾਲ ਨੂੰ ਭੇਜੀ ਈਮੇਲ ਵਿਚ ਸ਼ਸ਼ੀਕਾਂਤ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਵਿਧਾਨ ਵਿਚ ਪਹਿਲਾਂ ਇਹ ਕਿਹਾ ਗਿਆ ਸੀ ਕਿ ਪਾਰਟੀ ਵਿਚ ਹਰ ਚੀਜ਼ ਵਰਕਰਾਂ ਦੀ ਸਹਿਮਤੀ ਨਾਲ ਹੀ ਹੋਵੇਗੀ। ਬਾਅਦ ਵਿਚ ਪਾਰਟੀ ਵਿਚ ਕੌਂਸਲ ਬਣਾ ਦਿੱਤੀ ਗਈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਵਿਧਾਨ ਵਿਚ ਸੋਧ ਕਰਕੇ ਕੌਂਸਲ ਦੀ ਤਾਕਤ ਪਾਰਟੀ ਦੀ ਪੀ. ਏ. ਸੀ. ਦੇ ਹਵਾਲੇ ਕਰ ਦਿੱਤੀ ਗਈ। ਪੀ. ਏ. ਸੀ. ਵਿਚ ਸਿਰਫ 9 ਮੈਂਬਰ ਹਨ ਜਦੋਂ ਕਿ ਮੀਟਿੰਗ ਕਰਨ ਲਈ ਫੋਰਮ ਤਿੰਨ ਮੈਂਬਰਾਂ ਲਈ ਹੋਵੇਗਾ। ਇਸਦਾ ਮਤਲਬ ਇਹ ਹੈ ਕਿ ਤਿੰਨ ਵਿਚੋਂ ਜੇ 2 ਮੈਂਬਰ ਕਿਸੇ ਨੀਤੀ ‘ਤੇ ਸਹਿਮਤੀ ਦਿੰਦੇ ਹਨ ਤਾਂ ਪਾਰਟੀ ਦੀ ਨੀਤੀ ਬਣ ਜਾਵੇਗੀ। ਅਜਿਹਾ ਕਰਕੇ ਵਰਕਰਾਂ ਦਾ ਹੀ ਮਜ਼ਾਕ ਬਣਾ ਦਿੱਤਾ ਗਿਆ ਹੈ। ਸ਼ਸ਼ੀਕਾਂਤ ਨੇ ਦੂਸਰਾ ਇਤਰਾਜ਼ ਕੇਜਰੀਵਾਲ ਸਾਹਮਣੇ ਪੰਜਾਬ ਦੇ ਮਸਲਿਆਂ ਪ੍ਰਤੀ ਗੰਭੀਰਤਾ ਨਾ ਦਿਖਾਉਣ ਨੂੰ ਲੈ ਕੇ ਉਠਾਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਪਰ ਕੇਜਰੀਵਾਲ ਨੇ ਆਪਣੀ ਇਕ ਵੀ ਟੀਮ ਪੰਜਾਬ ਨਹੀਂ ਭੇਜੀ। ਇਸ ਤਰ੍ਹਾਂ ਪੰਜਾਬ ਵਿਚ ਨਾਜਾਇਜ਼ ਕਬਜ਼ੇ ਸੱਤਾਧਾਰੀਆਂ ਦੇ ਸ਼ਹਿ ‘ਤੇ ਹੋ ਰਹੇ ਹਨ। ਅਪ੍ਰਵਾਸੀਆਂ ਦੇ ਮਾਮਲਿਆਂ ਨੂੰ ਵੀ ਆਮ ਆਦਮੀ ਪਾਰਟੀ ਨੇ ਨਹੀਂ ਉਠਾਇਆ ਹੈ। ਦਿੱਲੀ ਵਿਚ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਚ ਵਖਰੇਵਾਂ ਆਇਆ ਹੋਇਆ ਹੈ। ਹੁਣ ਇਹ ਵਖਰੇਵਾਂ ਪੰਜਾਬ ਵਿਚ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਸ਼ਸ਼ੀਕਾਂਤ ਵਲੋਂ ਵੱਖ ਗਰੁੱਪ ਬਣਾਉਣ ‘ਤੇ ਪਾਰਟੀ ਸੂਬੇ ਵਿਚ ਦੋਫਾੜ ਹੋ ਜਾਵੇਗੀ। ਸ਼ਸ਼ੀਕਾਂਤ ਦੀ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ ਅਤੇ ਉਹ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੋ ਗਏ ਹਨ।

468 ad