‘ਆਪ’ ਨੇ ਲਗਾਏ ਪੋਲਿੰਗ ਦੌਰਾਨ ਵੱਡੀ ਧਾਂਦਲੀ ਹੋਣ ਦੇ ਦੋਸ਼

ਬਠਿੰਡਾ- ਆਮ ਆਦਮੀ ਪਾਰਟੀ ਨੇ ਹਾਟ ਸੀਟ ਬਠਿੰਡਾ ਵਿਚ ਬੀਤੀ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਤਹਿਤ ਹੋਈ ਪੋਲਿੰਗ ਦੌਰਾਨ ਵੱਡੇ ਪੱਧਰ ‘ਤੇ ਧਾਂਦਲੀਆਂ ਹੋਣ ਦੇ ਦੋਸ਼ ਲਗਾਏ ਹਨ। ਇਸ ਸਬੰਧ ਵਿਚ ਆਪ ਨੇ ਵੱਖ-ਵੱਖ ਬੂਥਾਂ ਦੇ ਵੀਡੀਓ ਤੇ ਤਸਵੀਰਾਂ ਚੋਣ ਕਮਿਸ਼ਨ ਪੰਜਾਬ ਨੂੰ ਭੇਜ ਕੇ ਦੁਬਾਰਾ ਪੋਲਿੰਗ ਕਰਵਾਉਣ ਦੀ ਮੰਗ ਕੀਤੀ ਹੈ। ਇਹੀ ਨਹੀਂ ਇਸ ਸਬੰਧ ਵਿਚ ਸ਼ਿਕਾਇਤ ‘ਤੇ ਵੀਡੀਓ ਭਾਰਤੀ ਚੋਣ ਕਮਿਸ਼ਨ ਨੂੰ ਵੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਅਗਲੀ ਕਾਰਵਾਈ ਹੋ ਸਕੇ। ਬਠਿੰਡਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਜਸਰਾਜ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ ਪੱਧਰ ‘ਤੇ ਵੋਟਾਂ ਖਰੀਦੀਆਂ ਗਈਆਂ ਜਦਕਿ ਜੰਮਕੇ ਸ਼ਰਾਬ ਤੇ ਹੋਰ ਨਸ਼ੇ ਵੰਡੇ ਗਏ। ਵੱਖ-ਵੱਖ ਬੂਥਾਂ ਨੂੰ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਆਪਣੇ ਕਬਜ਼ੇ ਵਿਚ ਰੱਖਿਆ ਤੇ ਪੂਰਾ ਚੋਣ ਅਮਲਾ ਅਤੇ ਜ਼ਿਲਾ ਪ੍ਰਸ਼ਾਸਨ ਵੀ ਸੱਤਾਧਾਰੀ ਧਿਰ ਦਾ ਹੀ ਸਾਥ ਦਿੰਦਾ ਰਿਹਾ। ਆਪ ਆਗੂਆਂ ਨੇ ਦੋਸ਼ ਲਗਾਏ ਕਿ ਸੱਤਾਧਾਰੀ Jassi Jasrajਪਾਰਟੀ ਦੇ ਵਰਕਰਾਂ ਤੇ ਆਗੂਆਂ ਨੇ ਆਪ ਦੇ ਪੋਲਿੰਗ ਏਜੰਟਾਂ ਨੂੰ ਡਰਾਇਆ ਧਮਕਾਇਆ ਤੇ ਕਈ ਬੂਥਾਂ ‘ਤੇ ਤਾਂ ਉਨ੍ਹਾਂ ਨੂੰ ਪੋਲਿੰਗ ਬੂਥਾਂ ਤੋਂ ਬਾਹਰ ਕਰਕੇ ਇਕ ਤਰ੍ਹਾਂ ਨਾਲ ਬੂਥਾਂ ‘ਤੇ ਕਬਜ਼ੇ ਕਰ ਲਏ। ਉਨ੍ਹਾਂ ਦੱਸਿਆ ਕਿ ਕੁਝ ਬੂਥਾਂ ‘ਤੇ ਸਾਢੇ 6 ਵਜੇ ਤੱਕ ਵੋਟਾਂ ਪੁਆਈਆਂ ਗਈਆਂ ਜਦਕਿ ਕੁਝ ਬੂਥਾਂ ‘ਤੇ ਬਿਨਾਂ ਕਿਸੇ ਆਈ.ਡੀ. ਪਰੂਫ ਅਤੇ ਬਿਨਾਂ ਬੀ.ਐੱਲ.ਓ. ਦੇ ਦਸਤਖ਼ਤ ਯੁਕਤ ਪਰਚੀ ਦੇ ਹੀ ਵੋਟਾਂ ਪੁਆਈਆਂ ਗਈਆਂ। ਇਨ੍ਹਾਂ ਕਾਰਵਾਈਆਂ ਦੀਆਂ ਸ਼ਿਕਾਇਤਾਂ ਡਿਪਟੀ ਕਮਿਸ਼ਨਰ, ਏ.ਡੀ.ਸੀ., ਐੱਸ.ਡੀ.ਐੱਮ. ਤੇ ਹੋਰ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਹਨ ਪਰ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਚਲਦਿਆਂ ਪੋਲਿੰਗ ਬੂਥਾਂ ਦੇ ਅੰਦਰ ਪੰਜਾਬ ਪੁਲਸ ਦੀ ਤਾਇਨਾਤੀ ਕੀਤੀ ਗਈ ਤਾਂ ਕਿ ਸੱਤਾਧਾਰੀ ਪਾਰਟੀ ਨੂੰ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਇਲਾਵਾ ਮਾਨਸਾ ਵਿਚ ਵੀ ਸਥਿਤੀ ਲਗਭਗ ਇਹੀ ਦੇਖਣ ਨੂੰ ਮਿਲੀ ਜਿਥੇ ਅਕਾਲੀ ਦਲ ਦੇ ਇਲਾਕੇ ਤੋਂ ਬਾਹਰੀ ਆਗੂ ਬੂਥਾਂ ‘ਤੇ ਘੁੰਮਦੇ ਦੇਖੇ ਗਏ। ਉਨ੍ਹਾਂ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਪੋਲਿੰਗ ਦੌਰਾਨ ਵੀਡੀਓ ਬਣਾਉਣੇ ਹੀ ਬੰਦ ਕਰ ਦਿੱਤੇ ਸਨ ਤੇ ਆਪ ਵਰਕਰਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਵੱਖ-ਵੱਖ ਬੂਥਾਂ ‘ਤੇ ਹੋਈਆਂ ਧਾਂਦਲੀਆਂ ਦੇ ਵੀਡੀਓ ਬਣਾਏ। ਇਹੀ ਨਹੀਂ ਇਹ ਸਾਰੇ ਸਬੂਤ ਭਾਰਤੀ ਚੋਣ ਕਮਿਸ਼ਨ ਨੂੰ ਵੀ ਭੇਜੇ ਜਾ ਰਹੇ ਹਨ।

468 ad