‘ਆਪ’ ਨੂੰ ਮਿਲੀ ਵੋਟ ਦਾ ਕਾਂਗਰਸ ਨੂੰ ਹੀ ਲਾਭ ਮਿਲੇਗਾ : ਬਾਜਵਾ

'ਆਪ' ਨੂੰ ਮਿਲੀ ਵੋਟ ਦਾ ਕਾਂਗਰਸ ਨੂੰ ਹੀ ਲਾਭ ਮਿਲੇਗਾ : ਬਾਜਵਾ

*  ਭੱਠਲ ਨੇ ਵੀ ਕਿਹਾ ‘ਆਪ’ ਨੇ ਅਕਾਲੀ-ਭਾਜਪਾ ਦੀਆਂ ਜ਼ਿਆਦਾਂ ਵੋਟਾਂ ਕੱਟੀਆਂ *  ਸੂਬਾ ਕਾਂਗਰਸ ਡਰੱਗ ਰੈਕੇਟ ਮਾਮਲੇ ‘ਚ ਸੁਪਰੀਮ ਕੋਰਟ ਜਾਵੇਗੀ * ਸੀ.ਬੀ.ਆਈ. ਜਾਂਚ ਦੀ ਮੰਗ ਮੁੜ ਉਠਾਈ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਦਾਅਵਾ ਕੀਤਾ ਹੈ ਕਿ ਸੂਬੇ ‘ਚ ‘ਆਪ’ ਨੂੰ ਮਿਲਣ ਵਾਲੀ ਵੋਟ ਦਾ ਕਾਂਗਰਸ ਨੂੰ ਹੀ ਲਾਭ ਹੋਵੇਗਾ। ਸੂਬਾ ਕਾਂਗਰਸ ਦੀ ਚੋਣ ਮੁਹਿੰਮ ਸਮਿਤੀ ਦੀ ਚੇਅਰਪਰਸਨ ਰਾਜਿੰਦਰ ਕੌਰ ਭੱਠਲ ਨੇ ਵੀ ਬਾਜਵਾ ਦੇ ਵਿਚਾਰ ਦੀ ਤਾਈਦ ਕਰਦਿਆਂ ਕਿਹਾ ਕਿ ‘ਆਪ’ ਨੇ ਪੰਜਾਬ ‘ਚ ਜ਼ਿਆਦਾ ਵੋਟ ਅਕਾਲੀ-ਭਾਜਪਾ ਦੀਆਂ ਹੀ ਕੱਟੀਆਂ ਹਨ। ਇਨ੍ਹਾਂ ਦੋਵੇਂ ਪ੍ਰਮੁੱਖ ਆਗੂਆਂ ਨੇ ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਮੁੱਖ ਦਫਤਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਬਾਜਵਾ ਨੇ ਇਹ ਗੱਲ ਖੁੱਲ੍ਹੇ ਮਨ ਨਾਲ ਪ੍ਰਵਾਨ ਕੀਤੀ ਕਿ ‘ਆਪ’ ਨੂੰ 10 ਫੀਸਦੀ ਤਕ ਵੋਟਾਂ ਹਾਸਲ ਹੋਣਗੀਆਂ ਅਤੇ ਇਹ ਸਾਡੇ ਲਈ ਚੰਗਾ ਹੀ ਹੋਇਆ ਹੈ। ਪੰਜਾਬ ‘ਚ ਮੋਦੀ ਦੀ ਕੋਈ ਲਹਿਰ ਨਹੀਂ ਸੀ ਅਤੇ ਜੋ ਵੋਟਾਂ ਉਸ ਨੂੰ ਜਾਣੀਆਂ ਸਨ, ਉਹ ‘ਆਪ’ ਨੂੰ ਚਲੀਆਂ ਗਈਆਂ ਹਨ। ਬਾਜਵਾ ਨੇ ਕਿਹਾ ਕਿ ਪਠਾਨਕੋਟ ‘ਚ ਹੋਈ ਮੋਦੀ ਦੀ ਰੈਲੀ ‘ਚ ਲੱਗੀਆਂ 7000 ਕੁਰਸੀਆਂ ‘ਚੋਂ 3000 ਕੁਰਸੀਆਂ ਖਾਲੀ ਸਨ ਜਿਸ ਤੋਂ ਮੋਦੀ ਦੀ ਲਹਿਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵੋਟ ਜੋ ਸਾਨੂੰ ਨਹੀਂ ਪੈਂਦਾ ਅਤੇ ਅਕਾਲੀਆਂ ਵਲ ਚਲਾ ਜਾਂਦਾ ਸੀ, ਉਹ ਵੀ ‘ਆਪ’ ਦੇ ਖਾਤੇ ‘ਚ ਗਿਆ ਹੈ ਜਦੋਂਕਿ ਕਾਂਗਰਸ ਦਾ ਪੱਕਾ ਵੋਟ ਬਿਲਕੁਲ ਵੀ ਨਹੀਂ ਹਿੱਲਿਆ। ਬਾਜਵਾ ਨੇ ਕਿਹਾ ਕਿ ਇਸ ਵਾਰ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੋ ਕੇ ਮੈਦਾਨ ‘ਚ ਉਤਰੀ ਹੈ ਅਤੇ ਇਸ ਦਾ ਵੀ ਪਾਰਟੀ ਨੂੰ ਲਾਭ ਹੀ ਹੋਵੇਗਾ। 
ਇਕ ਸੁਆਲ ਦੇ ਜਵਾਬ ‘ਚ ਬਾਜਵਾ ਨੇ ਇਹ ਦਾਅਵਾ ਵੀ ਕੀਤਾ ਕਿ ਅੰਮ੍ਰਿਤਸਰ ‘ਚ ਕਾਂਗਰਸ ਦੀ ਜਿੱਤ ਹੋਵੇਗੀ। ਡਰੱਗ ਰੈਕੇਟ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਹ ਮੁੱਦਾ ਚੋਣਾਂ ‘ਚ ਮੁੱਖ ਰੂਪ ਨਾਲ ਉਭਰਿਆ ਹੈ ਅਤੇ ਇਸ ‘ਚ ਸੂਬੇ ਦੇ ਕਈ ਅਕਾਲੀ ਮੰਤਰੀ ਤੇ ਸੱਤਾ ਧਿਰ ਦੇ ਆਗੂ ਸ਼ਾਮਲ ਹਨ। ਸੂਬਾ ਕਾਂਗਰਸ ਇਸ ਮੁੱਦੇ ‘ਤੇ ਸੀ.ਬੀ.ਆਈ. ਜਾਂਚ ਨੂੰ ਲੈ ਕੇ ਆਪਣੀ ਮੁਹਿੰਮ ਮੁੜ ਤੋਂ ਤੇਜ਼ ਕਰੇਗੀ। ਇਸ ਦੇ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ ਕਿਉਂਕਿ ਹਾਈਕੋਰਟ ‘ਚ ਅਸੀਂ ਪਹਿਲਾਂ ਜਾ ਚੁੱਕੇ ਹਾਂ। ਬਾਜਵਾ ਨੇ ਗੁਰਦਾਸਪੁਰ ‘ਚ ਚੋਣਾਂ ਦੌਰਾਨ ਫੜੀ ਗਈ 133 ਕਰੋੜ ਰੁਪਏ ਦੀ ਹੈਰੋਇਨ ਅਤੇ ਇਨ੍ਹਾਂ ਨਾਲ ਸੰਬੰਧਤ ਲੋਕਾਂ ਨਾਲ ਅਕਾਲੀਆਂ ਦੀਆਂ ਤਸਵੀਰਾਂ ਵੀ ਦਿਖਾਈਆਂ। ਉਨ੍ਹਾਂ ਬਾਦਲ ਪਰਿਵਾਰ ਦੀਆਂ ਜਾਇਦਾਦਾਂ ਦੀ ਜਾਂਚ ਵੀ ਹਾਈਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
 ਭੱਠਲ ਨੇ ਕਿਹਾ ਕਿ ਇਸ ਵਾਰ ਚੋਣਾਂ ‘ਚ ਸੂਬੇ ਦੀ ਸਰਕਾਰ ਖਿਲਾਫ ਬਹੁਤ ਵੱਡੇ ਪੱਧਰ ‘ਤੇ ਲਹਿਰ ਸੀ, ਜਿਸ ‘ਚ ਸੂਬੇ ‘ਚ ਨਰਿੰਦਰ ਮੋਦੀ ਤੇ ਬਾਦਲਾਂ ਨੂੰ ਧੋ ਦਿੱਤਾ ਹੈ ਅਤੇ ਹੈਰਾਨੀਜਨਕ ਨਤੀਜੇ ਹੋਣਗੇ, ਜਿਸ ‘ਚ ਕਾਂਗਰਸ ਸ਼ਾਨਦਾਰ ਜਿੱਤ ਹਾਸਲ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀਆਂ ਦੀ ਬਠਿੰਡਾ ਸੀਟ ਵੀ ਖਤਰੇ ‘ਚ ਹੈ ਜਿਥੇ ਮਨਪ੍ਰੀਤ ਨੇ ਕਰੜਾ ਮੁਕਾਬਲਾ ਦਿੱਤਾ ਹੈ। ਭੱਠਲ ਨੇ ਪਟਿਆਲਾ ਤੋਂ ‘ਆਪ’ ਦੇ ਉਮੀਦਵਾਰ ਡਾ. ਧਰਮਬੀਰ ਗਾਂਧੀ ਦੀ ਕੁਟਾਈ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੁੱਟਮਾਰ ਕਿਸੇ ਨੇ ਨਹੀਂ ਸਗੋਂ ਅਕਾਲੀਆਂ ਨੇ ਕੀਤੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ‘ਆਪ’ ਪਿੰਡਾਂ ‘ਚ ਵੀ ਅਕਾਲੀਆਂ ਦੀ ਵੋਟ ਕੱਟ ਰਹੀ ਹੈ।  ਪ੍ਰੈੱਸ ਕਾਨਫਰੰਸ ‘ਚ ਬਾਜਵਾ ਤੇ ਭੱਠਲ ਨਾਲ ਮੌਜੂਦ ਹੋਰਨਾਂ ਆਗੂਆਂ ‘ਚ ਰਾਜਨਬੀਰ ਸਿੰਘ, ਗੁਰਿੰਦਰ ਸਿੰਘ ਗੋਗੀ, ਲਖਵਿੰਦਰ ਕੌਰ ਗਰਚਾ, ਗੁਰਿੰਦਰ ਬਾਲੀ ਤੇ ਰਾਜਿੰਦਰ ਦੀਪਾ ਦੇ ਨਾਂ ਵੀ ਜ਼ਿਕਰਯੋਗ ਹਨ।

468 ad