ਆਪ ਦੇ 400 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

AAP

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਆਪਣੀਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਹੀ ਇਕ ਦਿਲਚਸਪ ਰਿਕਾਰਡ ਬਣਾ ਦਿੱਤਾ ਹੈ। ਪਹਿਲੀ ਵਾਰ ਲੋਕ ਸਭਾ ਚੋਣ ਮੈਦਾਨ ‘ਚ ਉਤਰੇ ਆਮ ਆਦਮੀ ਪਾਰਟੀ ਦੇ 434 ਉਮੀਦਵਾਰਾਂ ‘ਚੋਂ 400 ਤੋਂ ਜ਼ਿਆਦਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਨ੍ਹਾਂ ‘ਚੋਂ ਪੰਜਾਬ ਦੇ ਤਿੰਨ ਉਮੀਦਵਾਰ ਵੀ ਸ਼ਾਮਲ ਹਨ। ਪੰਜਾਬ ਦੀਆਂ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਫਿਰੋਜਪੁਰ ਸੀਟਾਂ ‘ਤੋਂ ਆਪ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਨਹੀਂ ਬਚਾ ਸਕੇ। ਆਮ ਚੋਣਾਂ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਆਪਣੀ ਜ਼ਮਾਨਤ ਬਚਾਉਣ ਲਈ ਕੁੱਲ ਪਈਆਂ ਵੋਟਾਂ ਦਾ ਛੇਵਾਂ ਹਿੱਸਾ ਹਾਸਲ ਕਰਨਾ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਇਹ ਵੋਟ ਹਾਸਲ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਨੂੰ ਕੌਮੀ ਪੱਧਰ ‘ਤੇ 2.5 ਫੀਸਦੀ ਵੋਟ ਤਾਂ ਹਾਸਲ ਹੋਏ ਪਰ ਪੰਜਾਬ ਨੂੰ ਛੱਡ ਕੇ ਕਿਸੇ ਵੀ ਸੂਬੇ ‘ਚ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਇੱਥੋਂ ਤੱਕ ਕਿ ਆਪਣੇ ਗੜ੍ਹ ਦਿੱਲੀ ‘ਚ ਵੀ ਆਮ ਆਦਮੀ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ‘ਚ 77, ਮਹਾਰਾਸ਼ਟਰ ‘ਚ 48, ਤਾਮਿਲਨਾਡੂ ‘ਚ 25, ਮੱਧ ਪ੍ਰਦੇਸ਼ ‘ਚ 29, ਕਰਨਾਟਕਾ ‘ਚ 28, ਛੱਤੀਸਗੜ੍ਹ ‘ਚ 11, ਬਿਹਾਰ ‘ਚ 40, ਆਂਧਰਾ ਪ੍ਰਦੇਸ਼ ‘ਚ 22, ਆਸਾਮ ‘ਚ 8, ਗੁਜਰਾਤ ‘ਚ 24, ਹਰਿਆਣਾ ‘ਚ 10, ਕੇਰਲਾ ‘ਚ 15, ਕਰਨਾਟਕਾ ‘ਚ 28, ਪੱਛਮੀ ਬੰਗਾਲ ‘ਚ 4, ਹਿਮਾਚਲ ਪ੍ਰਦੇਸ਼ ‘ਚ 4, ਉੱਤਰਾਖੰਡ ‘ਚ 5, ਗੋਆ ‘ਚ 2, ਦਿੱਲੀ ‘ਚ 7 ਅਤੇ ਪੰਜਾਬ ‘ਚ 13 ਸੀਟਾਂ ਸਮੇਤ ਕੁੱਲ 434 ਉਮੀਦਵਾਰ ਖੜ੍ਹੇ ਕੀਤੇ ਸਨ ਪਰ ਇਨ੍ਹਾਂ ‘ਚੋਂ ਪੰਜਾਬ ‘ਚ ਹੀ ਪਾਰਟੀ ਦੇ ਉਮੀਦਵਾਰ ਚੰਗਾ ਪ੍ਰਦਰਸ਼ਨ ਕਰ ਸਕੇ।

468 ad