ਆਪ ਦੇ ਸੰਸਦ ਮੈਂਬਰ ‘ਕਬੂਤਰਖਾਨੇ’ ਵਰਗੇ ਫਲੈਟ ਮਿਲਣ ’ਤੇ ਖਫ਼ਾ

app

** ਭਗਵੰਤ ਮਾਨ ਨੇ ‘ਸੈਲੇਬ੍ਰਿਟੀ ਸਟੇਟਸ’ ਸਦਕਾ ਮੰਗਿਆ ਸਿੰਗਲਾ ਵਾਲਾ ਬੰਗਲਾ

** ਗਾਂਧੀ ਤੇ ਪ੍ਰੋ. ਸਾਧੂ ਸਿੰਘ ਨੇ ਵੀ ਮੰਗੇ ਵੱਡੇ ਘਰ 

 

ਆਮ ਆਦਮੀ ਪਾਰਟੀ (ਆਪ) ਦੇ ਚਾਰ ਸੰਸਦ ਮੈਂਬਰਾਂ ਵਿੱਚੋਂ ਤਿੰਨ ਲੋਕ ਸਭਾ ਦੀ ਘਰ ਅਲਾਟ ਕਰਨ ਵਾਲੀ ਕਮੇਟੀ ਵੱਲੋਂ ਅਲਾਟ ਛੋਟੇ ਤੇ ਪੁਰਾਣੇ ਘਰਾਂ ਨੂੰ ਦੇਖ ਕੇ ਖਫ਼ਾ ਹਨ। ਘਰ ਅਲਾਟ ਕਰਨ ਵਾਲੀ ਲੋਕ ਸਭਾ ਦੀ ਕਮੇਟੀ ਦੇ ਹੈੱਡ ਭਾਜਪਾ ਆਗੂ ਕਿਰੀਟ ਸੋਮੱਈਆ ਅੱਗੇ ਇਨ੍ਹਾਂ ਮੈਂਬਰਾਂ ਨੇ ਬਿਹਤਰ ਘਰ ਦਿੱਤੇ ਜਾਣ ਲਈ ਦੁਹਾਈ ਪਾਈ ਹੈ। ਗੁੱਸੇ ਵਿੱਚ ਆਏ ਇਹ ਤਿੰਨੇ ਮੈਂਬਰ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। ਇਨ੍ਹਾਂ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਤੇ ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ ਹਨ। ਇਨ੍ਹਾਂ ਨੇ ਸੋਮੱਈਆ ਨੂੰ ਲਿਖਤੀ ਪਟੀਸ਼ਨ ਦੇ ਕੇ ਬਿਹਤਰ ਘਰ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਨੂੰ ਨੌਰਥ ਐਵੇਨਿਊ ਵਿੱਚ ਸੰਸਦ ਮੈਂਬਰਾਂ ਲਈ ਬਣਾਏ ਫਲੈਟ ਅਲਾਟ ਕੀਤੇ ਗਏ ਸਨ। ਨੌਰਥ ਵਿਊ ਵਿੱਚ 400 ਐਮ.ਪੀ. ਫਲੈਟ ਹਨ ਜੋ 53 ਸਾਲ ਪੁਰਾਣੇ ਤੇ ਦੋ ਜਾਂ ਤਿੰਨ ਬੈੱਡਰੂਮ ਹਨ। ਭਗਵੰਤ ਮਾਨ ਇਹ ਫਲੈਟ ਨਾ ਲੈ ਕੇ ਲੁਟਾਇਨਜ਼ ਦਿੱਲੀ ਵਿੱਚ ਮਕਾਨ ਚਾਹੁੰਦਾ ਹੈ। ਉਸ ਦਾ ਸੁਆਲ ਹੈ ਕਿ ਉਹ ਸੰਗਰੂਰ ਤੋਂ ਆਪਣੇ ਤੋਂ ਪਹਿਲੇ ਵਿਜੈਇੰਦਰ ਸਿੰਗਲਾ ਨੂੰ ਮਿਲਿਆ ਮਹਾਦੇਵ ਮਾਰਕੀਟ ਵਾਲਾ ਬੰਗਲਾ ਕਿਉਂ ਨਹੀਂ ਲੈ ਸਕਦਾ? ਸਿੰਗਲਾ ਵੀ ਪਹਿਲੀ ਵਾਰ ਸੰਸਦ ਮੈਂਬਰ ਬਣਿਆ ਸੀ। ਮਾਨ ਦਾ ਕਹਿਣਾ ਹੈ ਕਿ ਉਸ ਨੇ ਸਿੰਗਲਾ ਨੂੰ ਹਰਾਇਆ ਹੈ ਤੇ ਨੌਰਥ ਐਵੇਨਿਊ ਦੇ ਫਲੈਟ ‘ਕਬੂਤਰਖਾਨੇ’ ਵਰਗੇ ਹਨ। ਪਤਾ ਲੱਗਿਆ ਹੈ ਕਿ ਭਗਵੰਤ ਨੇ ਆਪਣੇ ‘ਸੈਲੇਬ੍ਰਿਟੀ ਸਟੇਟਸ’ ਦੇ ਹਵਾਲੇ ਨਾਲ ਬਿਹਤਰ ਰਿਹਾਇਸ਼ ਮੰਗੀ ਹੈ। ਭਗਵੰਤ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਭਾ ਹਾਊਸ ਕਮੇਟੀ ਦੇ ਨੇਮਾਂ ਵਿੱਚ ਵਿਵਸਥਾ ਹੈ ਕਿ ਸੈਲੇਬ੍ਰਿਟੀ ਸੰਸਦ ਮੈਂਬਰਾਂ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੋਵੇ, ਨੂੰ ਇਹ ਬਿਹਤਰ ਘਰ ਅਲਾਟ ਕਰ ਸਕਦੀ ਹੈ। ਇਸ ਵਾਰ ਪਰੇਸ਼ ਰਾਵਲ, ਕਿਰਨ ਖੇਰ ਤੇ ਗਾਇਕ ਬਾਬੁਲ ਸੁਪ੍ਰਿਸੋ ਜਿਹੀਆਂ ਹਸਤੀਆਂ ਸੰਸਦ ’ਚ ਪੁੱਜੀਆਂ ਹਨ। ਦੋ ਬੈੱਡਰੂਮ ਫਲੈਟ ਮਿਲਣ ’ਤੇ ਡਾ. ਧਰਮਵੀਰ ਗਾਂਧੀ ਨੇ ਤਿੰਨ ਬੈੱਡਰੂਮ ਫਲੈਟ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਦੇ ਤਿੰਨ ਮੁਲਾਜ਼ਮ ਸੁਰੱਖਿਆ ਲਈ ਮਿਲੇ ਹੋਏ ਹਨ। ਪਟਿਆਲਾ ਤੋਂ ਚੋਣ ਮਗਰੋਂ ਉਨ੍ਹਾਂ ’ਤੇ ਹੋਏ ਹਮਲੇ ਮਗਰੋਂ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ ਸੀ। ਸੋਮੱਈਆ ਨੇ ਇਸ ਵਿੱਚ ਕੋਈ ਰੁਚੀ ਨਾ ਲੈਂਦਿਆਂ ਇਹ ਪਟੀਸ਼ਨ ਗ੍ਰਹਿ ਮੰਤਰਾਲੇ ਨੂੰ ਇਹ ਦੇਖਣ ਲਈ ਭੇਜ ਦਿੱਤੀ ਹੈ ਕਿ ਹੁਣ ਡਾ. ਗਾਂਧੀ ਨੂੰ ਖਤਰੇ ਦੀ ਸੰਭਾਵਨਾ ਕਿੰਨੀ ਕੁ ਹੈ। ਮਗਰੋਂ ਇਸ ਪਟੀਸ਼ਨ ਦੀ ਹੋਣੀ ਦਾ ਪਤਾ ਨਹੀਂ ਲੱਗ ਸਕਿਆ। ਨੌਰਥ ਐਵੇਨਿਊ ਵਿੱਚ ਖੰਡਰਨੁਮਾ 149 ਨੰਬਰ ਫਲੈਟ ਅਲਾਟ ਹੋਣ ਮਗਰੋਂ ਪ੍ਰੋ. ਸਾਧੂ ਸਿੰਘ ਹਾਊਸ ਕਮੇਟੀ ਕੋਲ ਪੁੱਜੇ। ਉਨ੍ਹਾਂ ਨੇ ਵੀ ਚੰਗਾ ਤੇ ਵੱਡਾ ਘਰ ਮੰਗਿਆ ਹੈ ਕਿਉਂਕਿ ਅਕਾਲੀ ਆਗੂ ਪਰਮਜੀਤ ਕੌਰ ਗੁਲਸ਼ਨ ਨੂੰ ਹਰਾਉਣ ਮਗਰੋਂ ਉਨ੍ਹਾਂ ਨੂੰ ਦੋ ਮੈਂਬਰੀ ਸੁਰੱਖਿਆ ਦਿੱਤੀ ਗਈ ਸੀ। ਆਪ ਦੇ ਇਕੋ ਇਕ ਸੰਸਦ ਮੈਂਬਰ ਹਰਿੰਦਰ ਖਾਲਸਾ, ਅਲਾਟ ਹੋਈ ਰਿਹਾਇਸ਼ ਤੋਂ ਖੁਸ਼ ਹਨ। ਦੂਜੀ ਵਾਰ ਸੰਸਦ ਮੈਂਬਰ ਬਣੇ ਖਾਲਸਾ ਨੂੰ ਉਨ੍ਹਾਂ ਦੀ ਪਸੰਦ ਦੇ ਕੇਂਦਰੀ ਦਿੱਲੀ ਦੀ ਤਿਲਕ ਲੇਨ ਵਿੱਚ ਵਧੀਆ ਘਰ ਅਲਾਟ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਪਹਿਲੀ ਵਾਰ ਬਣੇ ਸੰਸਦ ਮੈਂਬਰਾਂ ਨੂੰ ਨੌਰਥ ਐਵੇਨਿਊ ਐਮ.ਪੀ. ਫਲੈਟ ਹੀ ਦਿੱਤੇ ਜਾ ਸਕਦੇ ਹਨ। ਇਨ੍ਹਾਂ ਨੇਮਾਂ ’ਚ ਫੇਰਬਦਲ ਹੁੰਦਾ ਰਿਹਾ ਹੈ। ਪਹਿਲੀ ਵਾਰ ਸੰਸਦ ਮੈਂਬਰ ਬਣੇ ਪ੍ਰਤਾਪ ਸਿੰਘ ਬਾਜਵਾ ਤੇ ਵਿਜੈਇੰਦਰ ਸਿੰਗਲਾ ਨੂੰ ਵੱਡੇ-ਵੱਡੇ ਬੰਗਲੇ ਮਿਲੇ ਸਨ।

468 ad