‘ਆਪ’ ਉਮੀਦਵਾਰ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ : ਬਲਕਾਰ ਸਿੱਧੂ

'ਆਪ' ਉਮੀਦਵਾਰ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ : ਬਲਕਾਰ ਸਿੱਧੂ

ਹਲਕਾ ਤਲਵੰਡੀ ਸਾਬੋ ‘ਚ ‘ਆਪ’ (ਆਮ ਆਦਮੀ ਪਾਰਟੀ) ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਅਤੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਮੈਦਾਨ ‘ਚ ਉਤਰੇ ਗਾਇਕ ਬਲਕਾਰ ਸਿੱਧੂ ‘ਚ ਵਿਵਾਦ ਤੂਲ ਫੜਦਾ ਜਾ ਰਿਹਾ ਹੈ। ਜਿਥੇ ਪਿਛਲੇ ਦਿਨ ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਦੋਵੇਂ ਧਿਰਾਂ ਦੇ ਵਰਕਰ ਆਹਮੋ-ਸਾਹਮਣੇ ਹੋ ਗਏ ਸਨ, ਉਥੇ ਅੱਜ ਫਿਰ ਬਲਕਾਰ ਸਿੱਧੂ ਨੇ ‘ਆਪ’ ਉਮੀਦਵਾਰ ਦੀ ਉਮੀਦਵਾਰੀ ‘ਤੇ ਸਵਾਲ ਚੁੱਕੇ ਹਨ। ਬਲਕਾਰ ਸਿੱਧੂ ਨੇ ਪ੍ਰੋ. ਬਲਜਿੰਦਰ ਕੌਰ ਦੇ ਗੋਦਨਾਮੇ ਤੇ ਉਨ੍ਹਾਂ ਦੀਆਂ 2 ਵੋਟਾਂ ਸੰਬੰਧੀ ਦਸਤਾਵੇਜ਼ ਜ਼ਿਲਾ ਚੋਣ ਅਧਿਕਾਰੀ ਤੇ ਚੋਣ ਕਮਿਸ਼ਨ ਨੂੰ ਭੇਜ ਕੇ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਹੈ। ਬਠਿੰਡਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਪ੍ਰੋ. ਬਲਜਿੰਦਰ ਕੌਰ ਨੂੰ 7 ਸਾਲ ਦੀ ਉਮਰ ਵਿਚ ਹੀ ਇਕ ਅਧਿਆਪਕ ਅਮਰਜੀਤ ਸਿੰਘ ਨੇ ਗੋਦ ਲੈ ਲਿਆ ਸੀ ਤੇ 2007 ਦੌਰਾਨ ਬਾਕਾਇਦਾ ਗੋਦਨਾਮਾ ਤਿਆਰ ਕਰਵਾ ਕੇ ਕਾਨੂੰਨੀ ਕਾਰਵਾਈ ਪੂਰੀ ਕੀਤੀ ਗਈ। ਅਜਿਹੇ ਵਿਚ ਕਾਨੂੰਨੀ ਤੌਰ ‘ਤੇ ਅਮਰਜੀਤ ਸਿੰਘ ਹੀ ਪ੍ਰੋ. ਬਲਜਿੰਦਰ ਕੌਰ ਦਾ ਪਿਤਾ ਹੋਇਆ ਪਰ ਉਸ ਨੇ ਭਰੀ ਗਈ ਨਾਮਜ਼ਦਗੀ ਵਿਚ ਆਪਣੇ ਪਿਤਾ ਦਾ ਨਾਮ ਅਮਰਜੀਤ ਸਿੰਘ ਨਾ ਲਿਖ ਕੇ ਦਰਸ਼ਨ ਸਿੰਘ ਲਿਖਿਆ ਹੈ, ਜੋ ਕਾਨੂੰਨੀ ਤੌਰ ‘ਤੇ ਗਲਤ ਹੈ। ਬਲਕਾਰ ਸਿੱਧੂ ਨੇ ਦੋਸ਼ ਲਗਾਏ ਕਿ ਅਮਰਜੀਤ ਸਿੰਘ ਦੀ ਮੌਤ 2002 ਦੌਰਾਨ ਹੋ ਗਈ ਸੀ ਪਰ ਉਸ ਦੀ ਜ਼ਮੀਨ-ਜਾਇਦਾਦ ਹਾਸਲ ਕਰਨ ਲਈ ਪ੍ਰੋ. ਬਲਜਿੰਦਰ ਕੌਰ ਨੇ ਅਮਰਜੀਤ ਸਿੰਘ ਵਲੋਂ ਸਮਾਚਾਰ ਪੱਤਰ ਵਿਚ ਗੋਦ ਲੈਣ ਵਾਲਾ ਇਸ਼ਤਿਹਾਰ ਉਸ ਦੀ ਮੌਤ ਤੋਂ 3 ਸਾਲ ਬਾਅਦ 2005 ਵਿਚ ਪ੍ਰਕਾਸ਼ਿਤ ਕਰਵਾਇਆ ਜੋ ਸਰਾਸਰ ਗਲਤ ਹੈ। ਇਹੀ ਨਹੀਂ, ਆਪ ਉਮੀਦਵਾਰ ਨੇ 2 ਵੋਟਾਂ ਬਣਵਾਈਆਂ ਹਨ, ਜੋ ਸੰਵਿਧਾਨਕ ਤੌਰ ‘ਤੇ ਗਲਤ ਹੈ। ਉਨ੍ਹਾਂ ਚੋਣ ਕਮਿਸ਼ਨ ਤੇ ਜ਼ਿਲਾ ਚੋਣ ਅਧਿਕਾਰੀ ਨੂੰ ਉਕਤ ਮੁੱਦਿਆਂ ਨਾਲ ਸੰਬੰਧਤ ਦਸਤਾਵੇਜ਼ ਭੇਜ ਕੇ ਪ੍ਰੋ. ਬਲਜਿੰਦਰ ਕੌਰ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ ਕੀਤੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਬਲਕਾਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਦਸਤਾਵੇਜ਼ ਭੇਜੇ ਹਨ ਤਾਂ ਕਿ ਉਨ੍ਹਾਂ ਨੂੰ ਵੀ ਪਤਾ ਲੱਗ ਸਕੇ ਕਿ ਉਸ ਦੀ ਟਿਕਟ ਕੱਟ ਕੇ ਉਨ੍ਹਾਂ ਨੇ ਕਿਵੇਂ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਬਲਕਾਰ ਸਿੱਧੂ ਨੂੰ ਲੈ ਕੇ ਭਗਵੰਤ ਮਾਨ ਦੇ ਸਟੈਂਡ ਦੇ ਸੰਬੰਧ ਵਿਚ ਸਿੱਧੂ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਭਗਵੰਤ ਮਾਨ ਨੂੰ ਵੀ ਜਾਣੂ ਕਰਵਾ ਰਹੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਮਾਮਲੇ ਵਿਚ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਨਹੀਂ, ਸਗੋਂ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਗਲਤ ਉਮੀਦਵਾਰ ਦਾ ਵਿਰੋਧ ਕਰ ਰਹੇ ਹਨ।

468 ad