ਆਨੰਦਪੁਰ ਸਾਹਿਬ ਵਿਖੇ ਸਥਿਤ ਕਿਲ੍ਹਿਆਂ ਦਾ ਕੀਤਾ ਜਾਵੇਗਾ ਨਵੀਨੀਕਰਨ: ਸ਼ੋ੍ਰਮਣੀ ਕਮੇਟੀ

anadpur

** ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਵਰਾਂਡਾ ਕੀਤਾ ਜਾਵੇਗਾ ਚੌੜਾ

** ਕੇਸਗੜ੍ਹ ਸਾਹਿਬ ਵਿਖੇ ਲੱਗਣਗੇ ਚਾਂਦੀ ਦੇ ਦਰਵਾਜ਼ੇ

** ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਦੀ ਰਿਹਾਇਸ਼ ਦਾ ਵੀ ਹੋਵੇਗਾ ਨਿਰਮਾਣ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁਰਾਤਨ ਕਿਲ੍ਹਿਆਂ ਦੇ ਨਵੀਨੀਕਰਨ ਦੀ ਸੇਵਾ ਵੱਖ ਵੱਖ ਸੰਪਰਦਾਵਾਂ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਰਾਂਡੇ ਨੂੰ ਚੌੜਾ ਕਰਨ ਦੀ ਸੇਵਾ, ਨਵਾਂ ਜੋੜਾ ਘਰ ਅਤੇ ਅਖੰਡ ਪਾਠਾਂ ਲਈ ਨਵੇਂ ਕਮਰਿਆਂ ਦੇ ਨਿਰਮਾਣ ਦੀ ਸੇਵਾ ਵੀ ਦਿੱਤੀ ਗਈ ਹੈ। ਇਹ ਸਮੁੱਚਾ ਕਾਰਜ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।

ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਅਤੇ ਨਿਰਮੈਲ ਸਿੰਘ ਜੌਹਲਾਂ ਸ਼ਾਮਲ ਸਨ। ਇਸ ਬੈਠਕ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਅਤੇ ਆਸ ਪਾਸ ਦੇ ਗੁਰਦੁਆਰਾ ਸਹਿਬਾਨ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਵਿਚਾਰ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਪੁਰਾਤਨ ਕਿਲ਼ਿ੍ਹਆਂ ਦੀ ਪੁਰਾਤਨ ਦਿਖ ਅਨੁਸਾਰ ਨਵੀਨੀਕਰਨ ਦੀ ਸੇਵਾ ਵੱਖ-ਵੱਖ ਸੰਪਰਦਾਵਾਂ ਨੂੰ ਦਿੱਤੀ ਗਈ ਹੈ। ਕਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ, ਕਿਲ੍ਹਾ ਹੋਲਗੜ੍ਹ ਸਾਹਿਬ ਦੀ ਸੇਵਾ ਬਾਬਾ ਅਮਰੀਕ ਸਿੰਘ ਪਟਿਆਲੇ ਵਾਲਿਆਂ ਨੂੰ, ਕਿਲ੍ਹਾ ਲੋਹਗੜ੍ਹ ਸਾਹਿਬ ਦੀ ਸੇਵਾ ਬਾਬਾ ਜੋਗਿੰਦਰ ਸਿੰਘ ਡੂਮੇਲੀ ਵਾਲਿਆਂ ਨੂੰ ਅਤੇ ਕਿਲ੍ਹਾ ਤਾਰਾਗੜ੍ਹ ਸਾਹਿਬ ਦੀ ਸੇਵਾ ਬਾਬਾ ਦਿਲਬਾਗ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਵੱਡੇ ਇਕੱਠ ਸਮੇਂ ਆਉਣ ਵਾਲੀ ਦਿੱਕਤ ਦੇ ਹੱਲ ਲਈ ਵਰਾਂਡਾ ਚੌੜਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਹ ਕਾਰਸੇਵਾ ਮਹਿੰਦਰ ਸਿੰਘ ਯੂ.ਕੇ. ਵਾਲੇ ਕਰਨਗੇ। ਇਸ ਮੌਕੇ ਵਰਾਂਡੇ ਨੂੰ ਚੌੜਾ ਕਰਨ ਸਬੰਧੀ ਇੰਜਨੀਅਰਾਂ ਅਤੇ ਡਿਜ਼ਾਈਨਰਾਂ ਦੀ ਸਲਾਹ ਨਾਲ ਤਿਆਰ ਕੀਤਾ ਮਾਡਲ ਵੀ ਕਮੇਟੀ ਮੈਂਬਰਾਂ ਨੂੰ ਵਿਖਾਇਆ ਗਿਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਤਖ਼ਤ ਸਾਹਿਬ ਦੇ ਦੋਵੇਂ ਮੁੱਖ ਦਰਵਾਜ਼ੇ ਚਾਂਦੀ ਦੇ ਬਣਾਏ ਜਾਣਗੇ ਅਤੇ ਇਸ ਦੀ ਸੇਵਾ ਬਾਬਾ ਭਾਗ ਸਿੰਘ ਦੁਆਬਾ ਮੰਡਲ ਵਾਲਿਆਂ ਨੂੰ ਦਿੱਤੀ ਗਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਰਿਹਾਇਸ਼ ਅਤੇ ਮੈਨੇਜਰ ਦੀ ਰਿਹਾਇਸ਼ ਦਾ ਨਿਰਮਾਣ ਨਵੇਂ ਸਿਰੇ ਤੋਂ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਥਾਨਕ ਸਟਾਫ ਲਈ ਕੁਆਟਰਾਂ ਦਾ ਨਿਰਮਾਣ ਵੀ ਖਾਲਸਾ ਕਾਲਜ ਦੇ ਸਾਹਮਣੇ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਆਧੁਨਿਕ ਸਹੂਲਤਾਂ ਵਾਲੇ ਪਖਾਨਿਆਂ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।

468 ad