ਆਖਿਰ ਗਿਆਨੀ ਗੁਰਬਚਨ ਸਿੰਘ ਇਕਬਾਲ ਸਿੰਘ ਪਟਨਾ ਨੂੰ ਪੰਜ ਸਿੰਘ ਸਾਹਿਬਾਨ ਦੀਆਂ ਇਕਤਰਤਾਵਾਂ ਵਿੱਚ ਸ਼ਾਮਿਲ ਹੋਣ ਲਈ ਕਿਉਂ ਬੁਲਾਉਂਦੇ ਹਨ?

jatheda

ਤਖਤ ਸ੍ਰੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 7 ਜਨਵਰੀ 2014 ਨੂੰ ਵਾਪਰੀ ਮੰਦਭਾਗੀ ਘਟਨਾ ਦੇ ਬਾਅਦ ਤਖਤ ਸਾਹਿਬ ਦੀ ਪ੍ਰਬੰਦਕੀ ਕਮੇਟੀ ਨੇ ਤਤਕਾਲੀਨ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਨੌਕਰੀ ਤੋਂ ਮੁਅਤਲ ਤੇ ਫਿਰ ਬਰਖਾਸਤ ਵੀ ਕਰ ਦਿੱਤਾ ਲੇਕਿਨ ਇਸਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੰਜ ਸਿੰਘ ਸਾਹਿਬਾਨ ਦੀਆਂ ਇਕਤਰਤਾਵਾਂ ਵਿੱਚ ਸ਼ਾਮਿਲ ਹੋਣ ਲਈ ਬੁਲਾਉਂਦੇ ਹਨ ,ਆਖਿਰ ਕਿਉਂ ?ਇਹ ਐਸਾ ਗੰਭੀਰ ਸਵਾਲ ਹੈ ਜੋ ਪੰਥ ਪ੍ਰਸਤਾਂ ਦੀ ਚਿੰਤਾ ਦਾ ਕਾਰਣ ਹੈ।ਤਖਤ ਸ੍ਰੀ ਪਟਨਾ ਸਾਹਿਬ ਵਿਖੇ ਚਲ ਰਹੇ ਗੁਰਮਤਿ ਸਮਾਗਮ ਮੌਕੇ ਵਾਪਰੀ ਮੰਦਭਾਗੀ ਘਟਨਾ ਦਾ ਜਾਇਜਾ ਲਿਆ ਜਾਏ ਤਾਂ ਇਸ ਸਮਾਗਮ ਨੂੰ ਲਾਈਵ ਵੇਖਣ ਵਾਲੇ ਸਹਿਜੇ ਹੀ ਇਸ ਨਤੀਜੇ ਤੇ ਪੁਜ ਗਏ ਸਨ ਕਿ ਸਮਾਗਮ ਵਿਚ ਖਲਲ ਪਾਣ ਲਈ ਗਿਆਨੀ ਇਕਬਾਲ ਸਿੰਘ ਸਿੱਧੇ ਤੌਰ ਤੇ ਦੋਸ਼ੀ ਹਨ। ਘਟਨਾਦੇ ਬਾਅਦ ਗਿਆਨੀ ਗੁਰਬਚਨ ਸਿੰਘ ਹੁਰਾਂ ਦੇ ਆਦੇਸ਼ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੁਆਰਾ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਕਮੇਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ,ਅੰਤ੍ਰਿਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ,ਰਜਿੰਦਰ ਸਿੰਘ ਮਹਿਤਾ ਤੇ ਧਰਮ ਪ੍ਰਚਾਰ ਸਕੱਤਰ ਸਤਬੀਰ ਸਿੰਘ ਸ਼ਾਮਿਲ ਸਨ ।ਇਸ ਕਮੇਟੀ ਨੇ ਵੀ ਸ਼ਰੇਆਮ ਗਿਆਨੀ ਇਕਬਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਜਦਕਿ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵਲੋਂ ਗਠਿਤ ਇਕ ਵੱਖਰੀ ਜਾਂਚ ਕਮੇਟੀ ਨੇ ਵੀ ਆਪਣੀ ਰਿਪੋਰਟ ਵਿਚ ਗਿਆਨੀ ਇਕਬਾਲ ਸਿੰਘ ਨੂੰ ਜਿੰਮੇਵਾਰ ਠਹਿਰਾਇਆ।ਸ਼੍ਰੋਮਣੀ ਕਮੇਟੀ ਦੀ ਜਾਂਚ ਰਿਪੋਰਟ ਬਾਅਦ ਇਕ ਵਾਰ ਤਾਂ ਗਿਆਨੀ ਇਕਬਾਲ ਸਿੰਘ ਨੇ ਆਪਣਾ ਦੋਸ਼ ਕਬੂਲਦਿਆਂ ,ਪ੍ਰਬੰਦਕੀ ਕਮੇਟੀ ਨਾਲ ਸਮਝੌਤਾ ਵੀ ਕਰ ਲਿਆ ਲੇਕਿਨ ਬਾਅਦ ਵਿਚ ਮੁਕਰ ਗਏ ।ਗਿਆਨੀ ਇਕਬਾਲ ਸਿੰਘ ਨੇ ਪ੍ਰਬੰਧਕੀ ਕਮੇਟੀ ਦੇ ਮੈਨਬਰਾਂ ਖਿਲਾਫ ਦਰਜ ਕਰਵਾਇਆ ਪੁਲਿਸ ਕੇਸ ਵੀ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ ਜਿਸਦੇ ਚਲਦਿਆਂ ਕਮੇਟੀ ਨੇ ਵੀ ਗਿਆਨੀ ਇਕਬਾਲ ਸਿੰਘ ਦੀ ਮੁਅਤਲੀ ਬਹਾਲ ਰੱਖੀ ਤੇ ਫਿਰ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਨੌਕਰੀ ਤੋਂ ਵਿਹਲਾ ਕਰ ਦਿੱਤਾ।ਜਨਵਰੀ ਮਹੀਨੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤਰਤਾ ਵਿਚ ਗਿਆਨੀ ਗੁਰਬਚਨ ਸਿੰਘ ਨੇ ਖੁਦ ਦੱਸਿਆ ਸੀ ਕਿ ਜਦ ਤੀਕ ਗਿਆਨੀ ਇਕਬਾਲ ਸਿੰਘ ਪੁਲਿਸ ਕੇਸ ਵਾਪਿਸ ਨਹੀ ਲੈਂਦੇ ਉਨ੍ਹਾਂ ਨੂੰ ਸਿੰਘ ਸਾਹਿਬ ਦੀ ਇਕਤਰਤਾ ਵਿਚ ਸ਼ਾਮਿਲ ਨਹੀ ਕੀਤਾ ਜਾ ਸਕਦਾ।ਵਾਪਰੀ ਘਟਨਾ ਨੂੰ 4 ਮਹੀਨੇ ਹੋ ਚੁਕੇ ਹਨ ,ਮਾਰਚ ਮਹੀਨੇ ਦੀ ਇਕਤਰਤਾ ਵਿਚ ਜਦ ਗਿਆਨੀ ਇਕਬਾਲ ਸਿੰਘ ਦੀ ਪੰਜ ਸਿੰਘ ਸਾਹਿਬਾਨ ਨਾਲ ਸ਼ਮੂਲੀਅਤ ਤੇ ਸਵਾਲ ਉਠਿਆ ਤਾਂ ਗਿਆਨੀ ਗੁਰਬਚਨ ਸਿੰਘ ,ਗਿਆਨੀ ਇਕਬਾਲ ਸਿੰਘ ਦੇ ਬਚਾਅ ਵਿੱਚ ਆਏ ।ਉਨ੍ਹਾਂ ਦਾ ਤਰਕ ਸੀ ਕਿ ਤਖਤ ਸਾਹਿਬ ਦੀ ਪ੍ਰਬੰਦਕੀ ਕਮੇਟੀ ਨੇ ਉਨ੍ਹਾਂ ਨੂੰ ਗਿਆਨੀ ਇਕਬਾਲ ਸਿੰਘ ਦੀ ਨੌਕਰੀ ਤੋਂ ਬਰਖਾਸਤਗੀ ਇਸ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਜਦਕਿ ਕਮੇਟੀ ਪ੍ਰਬੰਦਕ ਬਾਰ ਬਾਰ ਸਪਸ਼ਟ ਕਰ ਚੁਕੇ ਹਨ ਕਿ ਉਨ੍ਹਾਂ ਨੇ ਇਸ ਮਾਮਲੇ ਦਾ ਸਮੁਚਾ ਰਿਕਾਰਡ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਜ ਦਿੱਤਾ ਹੈ ।ਬੀਤੇ ਕੱਲ੍ਹ ਦੀ ਮੀਟਿੰਗ ਵਿੱਚ ਸ਼ਮੂਲੀਅਤ ਲਈ ਗਿਆਨੀ ਇਕਬਾਲ ਸਿੰਘ ਇਕ ਵਾਰ ਫਿਰ ਅੰਮਿਰਤਸਰ ਪੁਜੇ ਸਨ ।ਇਸਦੀ ਭਿਣਕ ਪੈਣ ਤੇ ਪ੍ਰਬੰਧਕੀ ਕਮੇਟੀ ਨੇ ਵਿਸ਼ੇਸ਼ ਤੌਰ ਤੇ ਆਪਣੇ ਸੁਪਰਡੈਂਟ ਸ੍ਰ ਅਵਤਾਰ ਸਿੰਘ ਨੂੰ ਦਸਤਾਵੇਜਾਂ ਦੀਆਂ ਕਾਪੀਆਂ ਸਹਿਤ ਭੇਜਿਆ ।ਸ੍ਰ ਅਵਤਾਰ ਸਿੰਘ ਨੇ ਉਹ ਦਸਤਾਵੇਜ ਸਿੰਗ ਸਾਹਿਬਾਨ ਨੂੰ ਸੌਪੇ ਵੀ ।ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਗਵਲੋਂ ਇਤਰਾਜ ਕਰਨ ਤੇ ਗਿਆਨੀ ਇਕਬਾਲ ਸਿੰਘ ਮੀਟਿੰਗ ਤੋਂ ਪਹਿਲਾਂ ਹੀ ਚਲੇ ਗਏ ।ਪੁਛੇ ਜਾਣ ਤੇ ਇਕ ਵਾਰ ਫਿਰ ਗਿਆਨੀ ਗੁਰਬਚਨ ਸਿੰਘ ਨੇ ਗਿਆਨੀ ਇਕਬਾਲ ਸਿੰਘ ਦਾ ਪੱਖ ਪੂਰਦਿਆਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀ ਤਬੀਅਤ ਅਚਨਚੇਤ ਖਰਾਬ ਹੋ ਗਈ ਸੀ ।ਸ੍ਰ ਅਵਤਾਰ ਸਿੰਘ ਵਲੋਂ ਪੇਸ਼ ਕੀਤੇ ਗਏ ਦਸਤਾਵੇਜਾਂ ਬਾਰੇ ਉਨ੍ਹਾਂ ਇਹੀ ਕਿਹਾ ਕਿ ਹੋਰ ਗੰਭੀਰ ਵਿਚਾਰਾਂ ਕਾਰਨ ਦਸਤਾਵੇਜ ਵੇਖੇ ਨਹੀ ਜਾ ਸਕੇ ।ਅਜੇਹੇ ਵਿਚ ਇਹ ਸਵਾਲ ਸਿੱਖ ਚਿੰਤਕਾਂ ਨੂੰ ਸਤਾ ਰਿਹਾ ਹੈ ਕਿ ਆਖਿਰ ਗਿਆਨੀ ਗੁਰਬਚਨ ਸਿੰਘ ,ਗਿਆਨੀ ਇਕਬਾਲ ਸਿੰਘ ਨੂੰ ਬਾਰ ਬਾਰ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਸ਼ਾਮਿਲ ਕਰਕੇ ਸ਼੍ਰੋਮਣੀ ਕਮੇਟੀ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਦਕੀ ਕਮੇਟੀ ਦੀਆਂ ਜਾਂਚ ਕਮੇਟੀਆਂ ਨੂੰ ਝੂਠਾ ਸਾਬਿਤ ਕਿਉਂ ਕਰਨਾ ਚਾਹੁੰਦੇ ਹਨ?

468 ad