ਆਓ ਕੌਮ ਦੀ ਇਸ ਦਸ਼ਾ ਤੇ ਰੱਲ ਕੇ ਹੰਝੂ ਕੇਰੀਏ – ਭਾਈ ਗਜਿੰਦਰ ਸਿੰਘ, ਦਲ ਖਾਲਸਾ

2020 ਮਈ ( ਪੀਡੀ ਬੇਉਰੋ ) ਬਾਬੇ ਰਣਜੀਤ ਸਿੰਘ ਢੱਡਰੀਆਂ ਵਾਲੇ ਉਤੇ ਹਮਲੇ ਦੀਆਂ ਖਬਰਾਂ ਪੜ੍ਹ ਕੇ ਇਹ ਗੱਲ ਬਹੁਤ ਸ਼ਿਦੱਤ ਨਾਲ ਮਹਿਸੂਸ ਹੋ ਰਹੀ ਹੈ ਕਿ ਸੰਪ੍ਰਦਾਈ ਲੜ੍ਹਾਈ ਝਗੜਿਆਂ ਲਈ ਸਾਡੇ ਕੋਲ ‘ਸਮਾਨ ਵੀ ਬੜ੍ਹਾ ਹੈ, ਤੇ ਸਮਰੱਥਾ’ ਵੀ, ਪਰ ਪੰਥ ਤੇ ਕੌਮ ਦਾ ਘਾਣ ਕਰਨ ਵਾਲਿਆਂ, ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਗੁਸਤਾਖੀ ਕਰਨ ਵਾਲਿਆਂ ਵਿਰੁੱਧ ਵਰਤਣ ਲਈ ਨਾ ਸਾਡੇ ਕੋਲ ‘ਸਮਰੱਥਾ ਹੁੰਦੀ ਹੈ, ਨਾ ਸਮਾਨ, ਤੇ ਨਾ ਇੱਛਾ ਸ਼ਕਤੀ’ । ਕੈਸੀ ਦਸ਼ਾ ਹੋਈ ਪਈ ਹੈ ਸਾਡੀ । ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਗੁਸਤਾਖੀ ਕਰਨ ਵਾਲੇ ਪੰਜਾਬ ਦੀ ਧਰਤੀ ਉਤੇ ਹੀ ਸਾਨੂੰ ਨਿੱਤ ਵੰਗਾਰਦੇ ਰਹਿੰਦੇ ਹਨ, ਸਿੱਖ ਨੌਜਵਾਨੀ ਦੇ ਕਾਤਲ ਪੁਲਸ ਅਫਸਰ ਸਾਡੀ ਧਰਤੀ ਉਤੇ ਸਾਨ੍ਹਾਂ ਵਾਂਗ ਦਨ ਦਨਾਉਂਦੇ ਫਿਰਦੇ ਰਹਿੰਦੇ ਹਨ, ਓਦੋਂ ਇੰਨੇ ਬੰਦੇ, ਇੰਨਾ ਅਸਲਾ, ਇੰਨੀ ਸਮਰੱਥਾ, ਤੇ ਇੰਨੀ ਇੱਛਾ ਸ਼ਕਤੀ ਕਿੱਥੇ ਲੁਕੀ ਰਹਿੰਦੀ ਹੈ । ਇਸ ਦਾ ਸਾਫ ਤੇ ਸਪਸ਼ਟ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਸਾਨੂੰ ਆਪਣੇ ਜੱਥੇ ਤੇ ਆਪਣੇ ਬਾਬੇ ਦੀ ਇਜ਼ੱਤ ਹੀ ਪਹਿਲਾਂ ਪਿਆਰੀ ਹੁੰਦੀ ਹੈ, ਬਾਕੀ ਸੱਭ ਪਿੱਛੇ ਸਮਝਿਆ ਜਾਂਦਾ ਹੈ । ਇਹ ਬਹੁਤ ਵੱਡੇ ਕੌਮੀ ਦੁੱਖ ਵਾਲੀ ਗੱਲ ਹੈ । ਅੱਗੇ ਕੌਮ ਵਿੱਚ ਕੁੱਝ ਐਸੀਆਂ ਸੰਪਰਦਾਵਾਂ ਸਨ ਜਿਨ੍ਹਾਂ ਦਾ ਸਾਰਾ ਜੋਰ ਜ਼ਮੀਨਾ ਤੇ ਗੁਰੁ ਘਰਾਂ ਦੇ ਕਬਜ਼ਿਆਂ ਤੇ ਹੀ ਲੱਗਦਾ ਦੇਖੀ ਦਾ ਸੀ, ਪੰਥ ਤੇ ਪਈ ਕਿਸੇ ਭੀੜ੍ਹ ਵਿਚ ਨਾ ਕਦੇ ਉਹ ਦਿਖਾਈ ਦਿੱਤੇ, ਤੇ ਨਾ ਕਦੇ ਉਹਨਾਂ ਦਾ ਅਸਲਾ । ਹੁਣ ਸੰਘਰਸ਼ ਚੋਂ ਜਨਮੇ ਲੋਕ ਵੀ ਅਗਰ ਇਸੀ ਰਸਤੇ ਪੈਣੇ ਨੇ ਤਾਂ ਸੰਘਰਸ਼ ਨਾਲ ਜੁੜ੍ਹਨ ਵਾਲੀ ਨਵੀਂ ਪੀੜੀ ਆਸ ਕਿਸ ਤੋਂ ਰੱਖੇਗੀ ? ਕਿਸ ਪਾਸੇ ਦੇਖੇਗੀ? ਦਾਸ ਦਾ ਕਦੇ ਕਿਸੇ ਡੇਰੇ, ਸੰਪਰਦਾ, ਜਾਂ ਜੱਥੇ ਨਾਲ ਸਬੰਧ ਜਾਂ ਲਗਾਓ ਨਹੀਂ ਰਿਹਾ, ਤੇ ਅੱਜ ਵੀ ਨਾ ਬਾਬੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕੋਈ ਨੇੜ੍ਹਤਾ ਹੈ, ਤੇ ਨਾ ਬਾਬੇ ਹਰਨਾਮ ਸਿੰਘ ਧੁੰਮੇ ਨਾਲ ਕੋਈ ਵਿਰੋਧ ਹੈ । ਸੰਤ ਜਰਨੈਲ ਸਿੰਘ ਹੁਰਾਂ ਨੂੰ ਮੈਂ ਇੱਤਹਾਸ ਦਾ ਇੱਕ ਵਿਲੱਖਣ ਵਰਤਾਰਾ ਸਮਝਦਾ ਹਾਂ, ਤੇ ਉਹਨਾਂ ਦਾ ਇੱਕ ‘ਸੰਤ ਸਿਪਾਹੀ’ ਤੇ ‘ਯੋਧੇ ਪੁਰਸ਼’ ਦੇ ਤੌਰ ਤੇ ਸਤਿਕਾਰ ਕਰਦਾ ਸਾਂ, ਤੇ ਕਰਦਾ ਹਾਂ । ਅੱਜ ਉਹ ਲੋਕ, ਜੋ ਜਨਮੇ ਵੀ ਸ਼ਾਇਦ ਸੰਤਾਂ ਦੀ ਸ਼ਹਾਦਤ ਤੋਂ ਬਾਦ ਹੋਣ, ਉਹਨਾਂ ਨੂੰ ਮਿਲੇ ਹੋਣਾ ਤਾਂ ਦੂਰ ਦੀ ਗੱਲ ਹੈ, ਉਹਨਾਂ ਵੱਲੋਂ ਸੰਤਾਂ ਦੇ ਨਾਮ ਤੇ ਇੰਨਾ ਕੁੱਝ ਗਲਤ ਪੜ੍ਹਨ ਨੂੰ ਮਿੱਲਦਾ ਰਹਿੰਦਾ ਹੈ, ਜੋ ਮੇਰੇ ਵਰਗੇ ਨੇ ਉਹਨਾਂ ਦੇ ਨਾਲ ਕਦੇ ਕਿਸੇ ਮੁਲਾਕਾਤ ਵੇਲੇ ਵੀ ਮਹਿਸੂਸ ਨਹੀਂ ਸੀ ਕੀਤਾ । ਸੰਤਾਂ ਨਾਲ ਬਹੁਤ ਨੇੜ੍ਹਤਾ ਦਾ ਦਾਅਵਾ ਕਰਨ ਵਾਲੇ ਬਹੁਤੇ ਲੋਕ ਅੱਜ ਉਹਨਾਂ ਦੇ ਵੱਡੇ ਮੁਖਾਲਫ ਨਾਲ ਸਾਂਝਾਂ ਪਾਈ ਬੈਠੇ ਹਨ, ਜੱਦਕਿ ਹਰ ਵੱਡਾ ਵਿਅਕਤੀ ਆਪਣੇ ਸੰਘਰਸ਼ ਕਰ ਕੇ ਜਾਣਿਆਂ ਜਾਂਦਾ ਹੈ, ਤੇ ਸਵੀਕਾਰਿਆ ਜਾਂਦਾ ਹੈ । ਜਿਹੜਾ ਸੰਤਾਂ ਦੇ ਸੰਘਰਸ਼ ਦੇ ਨਾਲ ਨਹੀਂ ਹੈ, ਉਹ ਸੰਤਾਂ ਨਾਲ ਹੋ ਹੀ ਕਿਵੇਂ ਸਕਦਾ ਹੈ? ਅਜਿਹੇ ਲੋਕਾਂ ਦੀ ਨੇੜ੍ਹਤਾ ਦੇ ਦਾਹਵਿਆਂ ਬਾਰੇ ਅੱਜ ਮੇਰੇ ਵਰਗਾ ਬੰਦਾ ਕਹੇ ਤਾਂ ਕੀ ਕਹੇ । ਮੈਨੂੰ ਸੰਘਰਸ਼ ਨਾਲ ਤੇ ਸੰਤਾਂ ਨਾਲ ਆਪਣੇ ਰਿਸ਼ਤੇ ਬਾਰੇ ਕੁੱਝ ਕਹਿਣ ਦੀ ਲੋੜ੍ਹ ਨਹੀਂ ਹੈ, ਸੰਤ ਆਪ ਬਹੁਤ ਕੁੱਝ ਕਹਿ ਗਏ ਹਨ । ਮੇਰੇ ਇਹਨਾਂ ਵਿਚਾਰਾਂ ਤੋਂ ਕੁੱਝ ਦੋਸਤ ਬਹੁਤ ਨਰਾਜ਼ ਹੁੰਦੇ ਹਨ, ਪਰ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਜੇ ਮੈਂ ਕਿਸੇ ਡੇਰੇ ਜਾਂ ਸੰਪਰਦਾ ਦਾ ਪੈਰੋਕਾਰ ਨਹੀਂ ਹਾਂ, ਤਾਂ ਕਿਸੇ ਮਿਸ਼ਨਰੀ ਜਾਂ ਕੁਰਾਹੇ ਪਏ ਵਿਦਵਾਨ ਦਾ ਵੀ ਨਹੀਂ ਹਾਂ । ਸਤਿਕਾਰ ਸੱਭ ਦਾ ਕਰਦਾ ਹਾਂ, ਪਰ ਅਮ੍ਰਤਿ ਕੇਵਲ ਦਸਮ ਪਾਤਸ਼ਾਹ ਦਾ ਮੰਨਣ ਵਾਲਾ ਹਾਂ, ਤੇ ਮਰਿਯਾਦਾ ਕੇਵਲ ਸਾਂਝੀ ਤੇ ਪ੍ਰਵਾਨਤ ਅਕਾਲ ਤਖੱਤ ਸਾਹਿਬ ਦੀ ਦਾ ਮੰਨਣ ਵਾਲਾ ਹਾਂ । ਕੇਵਲ ਤੇ ਕੇਵਲ ਗੁਰੂ ਦਾ ਸਿੰਘ ਹਾਂ । ਅੱਜ ਗਜਿੰਦਰ ਸਿੰਘ ਕੋਈ ਲੇਖ ਨਹੀਂ ਲਿਖ ਰਿਹਾ, ਕੌਮ ਦੀ ਬਦਕਿਸਮੱਤੀ ਉਤੇ ਹੰਝੂ ਵਹਾ ਰਿਹਾ ਹੈ । ਦੋਸਤੋ, ਮੇਰੇ ਇਹਨਾਂ ਲਫਜ਼ਾਂ ਨੂੰ ਲੇਖ ਵਾਂਗ ਨਾ ਪੜ੍ਹਿਓ, ਬਲਕਿ ਹੋ ਸਕੇ ਤਾਂ ਨਾਲ ਰੱਲ ਕੇ ਹੰਝੂ ਕੇਰਿਓ । ਸ਼ਾਇਦ ਸਾਡੇ ਲਫਜ਼ਾਂ ਨਾਲੋਂ ਜ਼ਿਅਦਾ, ਸਾਡੇ ਹੰਝੂਆਂ ਦੀ ਲਾਜ ਰੱਖ ਲੈਣ ਇਹ ਨਿੱਤ ਦਿਨ ਆਪਣਿਆਂ ਦੀਆਂ ਪੱਗਾਂ ਲਾਹਣ ਵਾਲੇ, ਤੇ ਆਪਣਿਆਂ ਉਤੇ ਗੋਲੀਆਂ ਚਲਾਉਣ ਵਾਲੇ । ਇਹ ਨਾ ਕਿਹੋ ਕਿ ਗਜਿੰਦਰ ਸਿੰਘ ਨੂੰ ‘ਆਪਣੇ ਤੇ ਪਰਾਏ’ ਦਾ ਫਰਕ ਨਹੀਂ ਪਤਾ, ਸਾਰੀ ਜ਼ਿੰਦਗੀ ਦੇ ਸੰਘਰਸ਼ ਦੇ ਤਜਰਬੇ ਨੇ ਇਹ ਫਰਕ ਬੜੀ ਚੰਗੀ ਤਰ੍ਹਾਂ ਸਮਝਾ ਦਿੱਤਾ ਹੋਇਆ ਹੈ । ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਹਨ, ਹੋਰ ਵੀ ਕਿਸੇ ਨੇ ਲਾਣਾ ਹੋਇਆ ਤਾਂ ਲਾ ਲਿਓ, ਕਿਓਂਕਿ ਸੱਭ ਤੋਂ ਸੌਖਾ ਕੰਮ ਇਲਜ਼ਾਮ ਤਰਾਸ਼ੀ ਹੈ, ਤੇ ਅੱਜ ਕੱਲ ਇਸ ਦੀ ਮੁਹਾਰਤ ਦੇ ਬੜੇ ਬੜੇ ਮਹਾਂਰੱਥੀ ਵਿੱਚ ਮਿੱਲਦੇ ਹਨ

468 ad

Submit a Comment

Your email address will not be published. Required fields are marked *