‘ਅਸੀਂ ਨਾ ਕਿਸੇ ਨੂੰ ਮਿਲਣਾ ਤੇ ਨਾ ਹੀ ਦਰਵਾਜ਼ਾ ਖੋਲ੍ਹਣਾ’!

ਅੰਮ੍ਰਿਤਸਰ-ਸਮਾਜ ਦੀਆਂ ਬੁਰੀਆਂ ਨਜ਼ਰਾਂ ਬਿਨਾਂ ਮਾਂ-ਬਾਪ ਦੀਆਂ ਬੱਚੀਆਂ ‘ਤੇ ਬਹੁਤ ਜਲਦੀ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਪਰ ਦੂਜੇ ਪਾਸੇ ਅਜਿਹੀਆਂ ਬੱਚੀਆਂ ਲਈ ਮਾਂ-ਪਿਓ ਤੋਂ ਬਿਨਾਂ ਜ਼ਿੰਦਗੀ ਜਿਊਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। Sistersਅਜਿਹੇ ਹੀ ਇਕ ਮਾਮਲੇ ਮੁਤਾਬਕ ਅੰਮ੍ਰਿਤਸਰ ‘ਚ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਣ ਲਈ ਦੋ ਭੈਣਾਂ ਨੇ ਆਪਣੇ ਆਪ ਨੂੰ ਪਿਛਲੇ ਇਕ ਮਹੀਨੇ ਤੋਂ ਘਰ ‘ਚ ਕੈਦ ਕਰਕੇ ਰੱਖਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ‘ਚ ਫੁੱਲਾਂ ਵਾਲੇ ਚੌਕ ਸਥਿਤ ਗਲੀ ਕੋਟੂਮਲ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਮੋਨਿਕਾ (37) ਅਤੇ ਸੋਨਿਕਾ (32) ਅਜੇ ਤੱਕ ਕੁਆਰੀਆਂ ਹਨ। ਉਨ੍ਹਾਂ ਦੇ ਪਿਤਾ ਦੀ ਮੌਤ 2006 ‘ਚ ਹੋ ਚੁੱਕੀ ਹੈ ਅਤੇ ਮਾਂ ਦੀ ਮੌਤ ਵੀ 2013 ‘ਚ ਹੋ ਗਈ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਭੈਣਾਂ ਨੇ ਸਮਾਜ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਣ ਲਈ ਖੁਦ ਨੂੰ ਪਿਛਲੇ ਇਕ ਮਹੀਨੇ ਤੋਂ ਘਰ ‘ਚ ਕੈਦ ਕਰਕੇ ਰੱਖਿਆ ਹੋਇਆ ਹੈ। ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਹਨ। ਘਰ ‘ਚ ਨਾ ਦੁੱਧ ਜਾਂਦਾ ਹੈ ਅਤੇ ਨਾ ਹੀ ਦੁਕਾਨ ਤੋਂ ਕੋਈ ਖਾਣ-ਪੀਣ ਦਾ ਸਮਾਨ। ਰਾਤ ਨੂੰ ਘਰ ‘ਚ ਲਾਈਟਾਂ ਵੀ ਨਹੀਂ ਜਗਦੀਆਂ ਅਤੇ ਇਕ ਮਹੀਨੇ ਤੋਂ ਕਿਸੇ ਨੇ ਉਨ੍ਹਾਂ ਦੇ ਘਰ ‘ਚ ਕੁੱਕਰ ਦੀ ਸੀਟੀ ਦੀ ਆਵਾਜ਼ ਵੀ ਨਹੀਂ ਸੁਣੀ।
ਹਾਲਾਂਕਿ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਂ-ਪਿਓ ਦੀ ਮੌਤ ਤੋਂ ਬਾਅਦ ਦੋਵੇਂ ਭੈਣਾਂ ਮਾਨਸਿਕ ਤੌਰ ‘ਤੇ ਬੀਮਾਰ ਹੋ ਗਈਆਂ ਹਨ। ਜਦੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਹਾਂ ਭੈਣਾਂ ਨੇ ਖਿੜਕੀ ‘ਚੋਂ ਝਾਤ ਮਾਰਦਿਆਂ ਸਿਰਫ ਇਹ ਹੀ ਕਿਹਾ ਕਿ ਉਹ ਠੀਕ ਹਨ ਪਰ ਉਹ ਨਾ ਕਿਸੇ ਨੂੰ ਮਿਲਣਗੀਆਂ ਅਤੇ ਨਾ ਹੀ ਦਰਵਾਜ਼ਾ ਖੋਲ੍ਹਣਗੀਆਂ।
ਮੋਨਿਕਾ ਅਤੇ ਸੋਨਿਕਾ ਦੇ ਚਚੇਰੇ ਭਰਾ ਦਾ ਕਹਿਣਾ ਹੈ ਦੋਹਾਂ ਦੇ ਪਰਿਵਾਰ ਨਾਲ ਪਿਛਲੇ 40 ਸਾਲਾਂ ਤੋਂ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ। ਉਸ ਦਾ ਕਹਿਣਾ ਸੀ ਕਿ ਉਹ ਦੋਵੇਂ ਭੈਣਾਂ ਉਸ ਕੋਲ ਆਈਆਂ ਸਨ ਅਤੇ ਕਹਿ ਰਹੀਆਂ ਸਨ ਕਿ ਸਮਾਜ ਸਾਨੂੰ ਜਿਊਣ ਨਹੀਂ ਦਿੰਦਾ, ਤਾਅਨੇ ਮਾਰਦਾ ਹੈ ਅਤੇ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੈ। ਇਨ੍ਹਾਂ ਦੋਹਾਂ ਭੈਣਾਂ ਦਾ ਅੰਮ੍ਰਿਤਸਰ ‘ਚ ਕੋਈ ਰਿਸ਼ਤੇਦਾਰ ਨਹੀਂ ਹੈ ਅਤੇ ਹੁਣ ਤਾਂ ਦੋਵੇਂ ਭਗਵਾਨ ਦੇ ਆਸਰੇ ਹੀ ਆਪਣੀ ਜ਼ਿੰਦਗੀ ਗੁਜ਼ਾਰ ਰਹੀਆਂ ਹਨ।

468 ad