ਅਵਤਾਰ ਸਿੰਘ ਖੰਡਾ ਉਤੇ ਲੰਡਨ ਵਿਚ ਹੋਇਆ ਹਮਲਾ ਇਕ ਡੂੰਘੀ ਸਾਜਿ਼ਸ, ਸਿੱਖ ਕੌਮ ਲਈ ਅਸਿਹ : ਮਾਨ

Simranjit Singh Mann

ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਪਿੰਡ ਡੀ ਬਿਊਰੇ ) “ਬਰਤਾਨੀਆ ਵਿਚ ਖ਼ਾਲਸਾ ਟੀ.ਵੀ. ਚੈਨਲ ਦੇ ਪੇਸ਼ਕਰਤਾ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪਰਧਾਨ ਸ. ਅਵਤਾਰ ਸਿੰਘ ਖੰਡਾ ਉਤੇ ਬੀਤੇ ਦਿਨੀਂ ਇਕ ਸਟੋਰ ਤੇ ਸਮਾਨ ਦੀ ਖਰੀਦੋ-ਫਰੋਖਤ ਕਰਦੇ ਹੋਏ ਜੋ ਹਮਲਾ ਹੋਇਆ ਹੈ, ਉਸਦੀ ਜੇ ਨਿਰਪੱਖਤਾ ਨਾਲ ਡੂੰਘੀ ਪੜਚੋਲ ਕੀਤੀ ਜਾਵੇ ਤਾਂ ਇਹ ਹਕੂਮਤੀ ਪੱਧਰ ਤੇ ਇਕ ਡੂੰਘੀ ਸਾਜਿ਼ਸ ਦੀ ਕੜੀ ਦਾ ਹਿੱਸਾ ਇਸ ਲਈ ਜਾਪਦੀ ਹੈ ਕਿਉਂਕਿ ਭਾਰਤ ਦੇ ਵਜ਼ੀਰ-ਏ-ਆਜ਼ਮ ਦੀ ਬਰਤਾਨੀਆ ਯਾਤਰਾ ਸਮੇਂ ਸ੍ਰੀ ਮੋਦੀ ਨੇ ਇਸ ਸਿੱਖ ਨੌਜ਼ਵਾਨ ਉਤੇ ਨਿਰਆਧਾਰ ਦੋਸ਼ ਲਗਾਉਦੇ ਹੋਏ ਇਸ ਨੂੰ ਭਾਰਤ ਨੂੰ ਸੌਪਣ ਦੀ ਮੰਗ ਕੀਤੀ ਸੀ ਅਤੇ ਇਸ ਨੌਜ਼ਵਾਨ ਉਤੇ ਖੂਫੀਆ ਏਜੰਸੀਆ ਨੇ ਨੌਜ਼ਵਾਨਾਂ ਨੂੰ ਹਥਿਆਰਾਂ ਦੀ ਸਪਲਾਈ ਦੇਣ ਦਾ ਨਿਰਆਧਾਰ ਦੋਸ਼ ਵੀ ਲਗਾਇਆ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਨੂੰ ਭਾਰਤੀ ਖੂਫੀਆ ਏਜੰਸੀਆਂ ਦੀ ਕਾਰਵਾਈ ਦੇਣ ਤੋਂ ਵੀ ਇੰਨਕਾਰ ਨਹੀਂ ਕਰ ਸਕਦਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋਏ ਹਮਲੇ ਦੀ ਜਿਥੇ ਪੁਰਜੋਰ ਨਿਖੇਧੀ ਕਰਦਾ ਹੈ, ਉਥੇ ਖ਼ਾਲਸਾ ਟੀ.ਵੀ. ਚੈਨਲ ਵੱਲੋਂ ਨਿਰਪੱਖਤਾ ਤੇ ਬਾਦਲੀਲ ਢੰਗ ਨਾਲ ਸਿੱਖ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਦੀ ਕੌਮਾਂਤਰੀ ਪੱਧਰ ਤੇ ਉਠਾਈ ਜਾ ਰਹੀ ਆਵਾਜ਼ ਨੂੰ ਦਬਾਉਣ ਦੀ ਮਨਸਾ ਵੀ ਕਰਾਰ ਦਿੰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਅਵਤਾਰ ਸਿੰਘ ਖੰਡਾ ਉਤੇ ਹੋਏ ਹਮਲੇ ਨੂੰ ਅਸਹਿ ਕਰਾਰ ਦਿੰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਬਰਤਾਨੀਆ ਹਕੂਮਤ ਤੋਂ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਰਤਾਨੀਆ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖ ਅਤੇ ਪੰਜਾਬੀ ਵੱਸਦੇ ਹਨ । ਜੋ ਆਪੋ-ਆਪਣੇ ਕਾਰੋਬਾਰਾਂ ਦੇ ਨਾਲ-ਨਾਲ ਬਰਤਾਨੀਆ ਦੇ ਕਾਨੂੰਨ ਅਤੇ ਨਿਯਮਾਂ ਦੀ ਵੀ ਪਾਲਣਾਂ ਕਰਦੇ ਹੋਏ ਬਰਤਾਨੀਆ ਦੀ ਹਰ ਪੱਖੋ ਤਰੱਕੀ ਵਿਚ ਇਕ ਚੰਗੇ ਸ਼ਹਿਰੀ ਦੀ ਤਰ੍ਹਾਂ ਯੋਗਦਾਨ ਪਾਉਦੇ ਆ ਰਹੇ ਹਨ । ਪਰ ਭਾਰਤੀ ਹੁਕਮਰਾਨ ਅਤੇ ਖੂਫੀਆ ਏਜੰਸੀਆਂ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੇ ਪੰਥ ਦਰਦੀਆਂ ਦੀਆਂ ਨਿਰਪੱਖਤਾ ਵਾਲੀਆ ਕਾਰਵਾਈਆ ਅਤੇ ਕੌਮ ਪੱਖੀ ਉਦਮਾਂ ਨੂੰ ਬਰਦਾਸਤ ਨਾ ਕਰਦੇ ਹੋਏ ਕੇਵਲ ਸਿੱਖ ਕੌਮ ਨੂੰ ਇਸੇ ਤਰ੍ਹਾਂ ਸਾਜਿ਼ਸਾਂ ਰਾਹੀ ਨਿਸ਼ਾਨਾਂ ਹੀ ਨਹੀਂ ਬਣਾਉਦੇ, ਬਲਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਿਚ ਵੀ ਮਸਰੂਫ਼ ਰਹਿੰਦੀਆ ਹਨ । ਜੋ ਅਵਤਾਰ ਸਿੰਘ ਖੰਡਾ ਉਤੇ ਹਮਲਾ ਹੋਇਆ ਹੈ, ਬੇਸ਼ੱਕ ਉਹ ਇਕ ਸਿੱਖੀ ਰੂਪ ਵਿਚ ਹੋਇਆ ਹੈ, ਪਰ ਉਸ ਪਿੱਛੇ ਕਿਹੜੇ ਦਿਮਾਗ ਅਤੇ ਕਿਹੜੀ ਸਾਜਿ਼ਸ ਹੈ ਉਸ ਨੂੰ ਕੌਮਾਂਤਰੀ ਪੱਧਰ ਤੇ ਸਾਹਮਣੇ ਲਿਆਉਣਾ ਅਤਿ ਜ਼ਰੂਰੀ ਹੈ ਤਾਂ ਕਿ ਭਾਰਤੀ ਮੁਤੱਸਵੀ ਹੁਕਮਰਾਨਾਂ ਦੀ ਸਿੱਖ ਅਤੇ ਪੰਜਾਬ ਸੂਬੇ ਪ੍ਰਤੀ ਸੋਚ ਤੋਂ ਦੁਨੀਆ ਦੇ ਨਿਵਾਸੀਆ ਨੂੰ ਜਾਣਕਾਰੀ ਮਿਲ ਸਕੇ ਅਤੇ ਇਥੋ ਦੇ ਹੁਕਮਰਾਨਾਂ ਤੇ ਖੂਫੀਆ ਏਜੰਸੀਆ ਦੇ ਕਰੂਰ ਚਹਿਰੇ ਸਾਹਮਣੇ ਆ ਸਕਣ । ਸ. ਮਾਨ ਨੇ ਸ. ਅਵਤਾਰ ਸਿੰਘ ਖੰਡਾ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਦੇ ਹੋਏ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਆਵਾਜ਼ ਬੁਲੰਦ ਕਰਨ ਵਾਲਿਆ ਦੀ ਹਰ ਪੱਖੋ ਤੰਦਰੁਸਤੀ ਅਤੇ ਜਿੰਮੇਵਾਰੀਆ ਨਿਭਾਉਣ ਤੇ ਬਲ ਬਖਸਣ ਦੀ ਅਰਦਾਸ ਵੀ ਕੀਤੀ ।

468 ad

Submit a Comment

Your email address will not be published. Required fields are marked *