ਅਮਰੀਕਾ ਵਿਚ 2016 ਦੀ ਰੋਜ਼ ਪਰੇਡ ਵਿਚ ਸਿੱਖਾਂ ਦੇ ਅਮੀਰ ਵਿਰਸੇ ਦੀ ਝਾਕੀ

Sikh rose flot in Rose Prade in USA
ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)-ਨਵੇਂ ਸਾਲ ਦੀ ਆਮਦ ‘ਤੇ ਪਾਸਾਡੇਨਾ ਕੈਲੀਫੋਰਨੀਆ ਵਿਚ ਕੱਢੀ ਗਈ ਟੂਰਨਾਮੈਂਟ ਆਫ ਰੋਜ਼ਜ਼ ਪਰੇਡ ਵਿਚ ਸਿੱਖਾਂ ਦੀ ਝਾਕੀ ਅਮੀਰ ਵਿਰਸੇ ਨੂੰ ਰੂਪਮਾਨ ਕਰਦੀ ਸ਼ਾਨਦਾਰ ਦ੍ਰਿਸ਼ ਪੇਸ਼ ਕਰ ਰਹੀ ਸੀ। ਅਮਰੀਕੀ ਸਿੱਖਾਂ ਨੂੰ ਆਸ ਹੈ ਕਿ ਇਹ ਮੰਚ ਇਕ ਵਧੀਆ ਮੌਕਾ ਪ੍ਰਦਾਨ ਕਰੇਗਾ ਜਿਸ ਰਾਹੀਂ ਸਿੱਖਾਂ ਦੇ ਸਭਿਆਚਾਰ ਨੂੰ ਪੇਸ਼ ਕੀਤਾ ਜਾ ਸਕੇ ਤੇ ਗਲਤ ਪਛਾਣ ਦਾ ਸ਼ਿਕਾਰ ਹੋ ਰਹੇ ਅਮਰੀਕੀ ਸਿੱਖਾਂ ਲਈ ਆਪਣੇ ਆਪ ਨੂੰ ਪੇਸ਼ ਕਰਨ ਦਾ ਢੁਕਵਾਂ ਮੰਚ ਹੋਵੇਗਾ। ਫੌਂਟੇਨਾ ਵਿਚ ਯੂਨਾਇਟਿਡ ਸਿੱਖ ਮਿਸ਼ਨ ਦੇ ਮੈਂਬਰ ਭਜਨੀਤ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਲਈ ਸਾਨੂੰ ਭਾਈਚਾਰੇ ਦਾ ਹਿੱਸਾ ਬਣਨਾ ਪਵੇਗਾ ਤੇ ਰੋਜ਼ ਪਰੇਡ ਸਾਥੀ ਅਮਰੀਕੀਆਂ ਨਾਲ ਜਸ਼ਨ ਮਨਾਉਣ ਦਾ ਢੁਕਵਾਂ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ ਪਰੇਡ ਦਾ ਹਿੱਸਾ ਬਣਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪਰੇਡ ਵਿਚ ਵਿਖਾਈ ਗਈ ਝਾਕੀ ਵਿਚ ਪੰਜਾਬ ਵਿਚ ਮਨਾਏ ਜਾਂਦੇ ਵਾਢੀ ਦੇ ਤਿਉਹਾਰ ਦੇ ਜਸ਼ਨ ਵਿਸਾਖੀ ਨੂੰ ਬਾਖੂਬੀ ਰੂਪਮਾਨ ਕਰਦੀ ਸੀ। ਇਸ ਝਾਕੀ ਨੂੰ ‘ਫਾਇਂਡ ਯੁਅਰ ਅਡਵਾਂਚਰ’ ਥੀਮ ਤਹਿਤ ਇਸ ਸਾਲ ਦੀ ਪਰੇਡ ਵਿਚ ਸ਼ਾਮਿਲ ਕੀਤਾ ਗਿਆ ਸੀ। ਇਸ ਵਿਚ ਇਕ ਦਾੜੀ ਰੱਖੀ ਤੇ ਦਸਤਾਰ ਸਜਾਈ ਇਕ ਸਿੱਖ ਵਿਅਕਤੀ ਨੂੰ ਘੋੜ ਸਵਾਰੀ ਕਰਦੇ ਵਿਖਾਇਆ ਗਿਆ ਹੈ ਜੋ ਕਿ ਖੇਡਾਂ ਵਿਚ ਸ਼ਾਮਿਲ ਹੋਣ ਲਈ ਜਾ ਰਿਹਾ ਹੈ। ਝਾਕੀ ਦੇ ਵਿਚਕਾਰ ਸਭਿਆਚਾਰਕ ਖੇਡਾਂ ਅਤੇ ਬਜ਼ਾਰ ਦਾ ਸੁੰਦਰ ਨਜ਼ਾਰਾ, ਸ਼ਾਨਦਾਰ ਲਹਿੰਗੇ ਤੇ ਫੁਲਕਾਰੀਆਂ, ਅਮੀਰ ਖਾਣੇ ਅਤੇ ਰਾਸ਼ਟਰੀ ਪੰਛੀ ਮੋਰ ਵਿਖਾਇਆ ਗਿਆ ਸੀ। ਇਸ ਦੇ ਪਿਛੇ ਪੰਜਾਬ ਦਾ ਨਕਸ਼ਾ ਦਿਖਾਈ ਦੇ ਰਿਹਾ ਸੀ ਤੇ ਇਸ ਉਤੇ ਕਈ ਅਮਰੀਕੀ ਸਿੱਖ ਪਰਿਵਾਰ ਸਵਾਰ ਸਨ। ਇਸ ਝਾਕੀ ਨੂੰ ਸਿੱਖ ਮਨੁੱਖੀ ਅਧਿਕਾਰ ਸੰਗਠਣ ਯਨਾਇਟਿਡ ਸਿੱਖ ਮਿਸ਼ਨ ਵਲੋਂ ਖਾਲਸਾ ਕੇਅਰ ਫਾਉਂਡੇਸ਼ਨ ਅਤੇ ਸਿੱਖ ਲੈਨਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ। ਇਕ ਵਲੰਟੀਅਰ ਹਰਬਾਨੀ ਕੌਰ ਨੇ ਕਿਹਾ ਕਿ ਇਸ ਝਾਕੀ ਰਾਹੀਂ ਅਸੀ ਨਾ ਕੇਵਲ ਸਿੱਖ ਧਰਮ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਗੋਂ ਲੋਕਾਂ ਨੂੰ ਸਿਖਿਅਤ ਕਰਨ ਦਾ ਯਤਨ ਵੀ ਹੈ ਕਿ ਕਿਉਂਕਿ ਅਸੀ ਵਖਰੇ ਦਿਸਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀ ਖਤਰਨਾਕ ਹਾਂ। ਸਿੱਖ ਧਰਮ ਵਿਸ਼ਵ ਦਾ ਪੰਜਵਾ ਸੱਭ ਤੋਂ ਵੱਡਾ ਧਰਮ ਹੈ ਤੇ ਅਮਰੀਕਾ ਵਿਚ 700,000 ਤੋਂ ਵੱਧ ਸਿੱਖ ਰਹਿੰਦੇ ਹਨ।

468 ad

Submit a Comment

Your email address will not be published. Required fields are marked *