ਅਮਰੀਕਾ ‘ਚ ਸਿੱਖਾਂ ਤੇ ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਹੈ ਹਿੰਸਾ ਦਾ ਨਿਸ਼ਾਨਾ: ਓਬਾਮਾ ਨੇ ਮੰਨਿਆ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਵੀਕਾਰ ਕੀਤਾ ਕਿ ਵੱਡੀ ਗਿਣਤੀ ‘ਚ ਦੱਖਣੀ ਏਸ਼ੀਅਨ ਮੂਲ ਦੇ ਲੋਕਾਂ ਖਾਸ ਕਰ ਸਿੱਖਾਂ ਤੇ ਮੁਸਲਮਾਨਾਂ ਨੂੰ ਅਮਰੀਕਾ ‘ਚ ਨਸਲੀ ਵਿਤਕਰੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਸ਼ਟਰਪਤੀ ਐਲਾਨਨਾਮੇ ਜਿਸ ‘ਚ ਦੇਸ਼ ਦੇ ਸਮਾਜਿਕ-ਰਾਜਨੀਤਿਕ ਤੇ ਆਰਥਿਕ ਵਾਤਾਵਰਨ ‘ਚ ਏਸ਼ੀਅਨ-ਅਮਰੀਕੀਆਂ ਦੇ ਯੋਗਦਾਨ ਨੂੰ ਸਰਾਹਿਆ ਗਿਆ ‘ਚ ਓਬਾਮਾ ਨੇ ਕਿਹਾ ਕਿ ਅੱਜ ਵੀ ਦੱਖਣੀ ਏਸ਼ੀਅਨ ਅਮਰੀਕੀਆਂ ਖਾਸਕਰ ਜਿਹੜੇ ਹਿੰਦੂ, ਮੁਸਲਿਮ ਤੇ ਸਿੱਖ ਫਿਰਕਿਆਂ ਨਾਲ ਸਬੰਧਤ ਹਨ ਨੂੰ ਸ਼ੱਕ ਤੇ ਹਿੰਸਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਰਾਕ ਓਬਾਮਾ ਨੇ ਕਿਹਾ ਕਿ ਏਸ਼ੀਅਨ ਅਮਰੀਕੀਆਂ, ਹਵਾਈ ਤੇ ਪ੍ਰਸ਼ਾਂਤ ਖੇਤਰ ਵਾਸੀਆਂ ਨੇ ਖੇਤੀ ਕਾਮਿਆਂ ਤੇ ਰੇਲ ਤੇ ਸੜਕ ਮਜਦੂਰਾਂ, ਉਦਮੀਆਂ ਤੇ ਵਿਗਿਆਨੀਆਂ, ਕਲਾਕਾਰਾਂ, ਕਾਰਕੁਨਾਂ ਤੇ ਸਰਕਾਰ ਦੇ ਨੇਤਾਵਾਂ ਵਜੋਂ ਸਾਡੇ ਰਾਸ਼ਟਰ ਨੂੰ ਬਣਾਉਣ, ਇਸ ਦੀ ਰਾਖੀ ਕਰਨ ਤੇ ਮਜਬੂਤ ਬਣਾਉਣ ‘ਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕਿ ਇਹ ਦੇਸ਼ ਜੋ ਕੁਝ ਅੱਜ ਹੈ ਕਿ ਉਸ ਨੂੰ ਬਣਾਉਣ ‘ਚ ਏਸ਼ੀਅਨ ਅਮਰੀਕੀਆਂ, ਹਵਾਈ ਵਾਸੀਆਂ ਤੇ ਪ੍ਰਸ਼ਾਂਤ ਖੇਤਰ ਦੀਆਂ ਕਈ ਪੀੜ੍ਹੀਆਂ ਨੇ ਮਦਦ ਕੀਤੀ ਹੈ। ਓਬਾਮਾ ਨੇ ਵਿਆਪਕ ਇਮੀਗਰੇਸ਼ਨ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਆਪਣੇ ਦ੍ਰਿੜ ਇਰਾਦੇ ਨੂੰ ਮੁੜ ਦੁਹਰਾਇਆ ਹੈ ਜਿਸ ਨਾਲ ਕਾਨੂੰਨੀ ਇਮੀਗਰੇਸ਼ਨ ਪ੍ਰਣਾਲੀ ਦਾ ਅਧੁਨਿਕੀਕਰਨ ਹੋਵੇਗਾ ਤੇ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਲਈ ਨਾਗਰਿਕਤਾ ਪ੍ਰਾਪਤ ਕਰਨ ਦਾ ਰਾਹ ਖੁਲ੍ਹੇਗਾ।

468 ad