ਅਮਰਿੰਦਰ ਹਮਾਇਤੀਆਂ ਨੇ ਬਾਜਵਾ ਕੋਲੋਂ ਮੰਗਿਆ ਅਸਤੀਫਾ

 ਅਮਰਿੰਦਰ ਹਮਾਇਤੀਆਂ ਨੇ ਬਾਜਵਾ ਕੋਲੋਂ ਮੰਗਿਆ ਅਸਤੀਫਾ

ਪੰਜਾਬ ‘ਚ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਐਲਾਨ ਹੁੰਦੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਪਹਿਲਾ ਹਮਲਾ ਬੋਲ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਹਮਾਇਤੀ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਬਾਜਵਾ ਨੂੰ ਕਿਹਾ ਕਿ ਉਹ ਸੂਬੇ ‘ਚ ਕਾਂਗਰਸ ਦੀ ਹਾਰ ਨੂੰ ਦੇਖਦੇ ਹੋਏ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ।
ਰਾਣਾ ਸੋਢੀ ਨੇ ਕਿਹਾ ਕਿ ਜਿਹੜਾ ਪ੍ਰਧਾਨ ਖੁਦ ਚੋਣ ਨਹੀਂ ਜਿੱਤ ਸਕਿਆ, ਉਹ ਕਾਂਗਰਸ ਨੂੰ 2017 ‘ਚ ਕਿਸ ਤਰ੍ਹਾਂ ਜਿਤਾ ਸਕਦਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੰਗ ਕੀਤੀ ਕਿ ਉਹ ਬਾਜਵਾ ਨੂੰ ਬਰਖਾਸਤ ਕਰ ਦੇਣ।
ਉਨ੍ਹਾਂ ਕਿਹਾ ਕਿ ਹੁਣ ਸੂਬੇ ‘ਚ ਨਵੇਂ ਪ੍ਰਦੇਸ਼ ਪ੍ਰਧਾਨ ਦੀ ਨਿਯੁਕਤੀ ਦਾ ਸਮਾਂ ਆ ਗਿਆ ਹੈ ਕਿਉਂਕਿ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਨੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸੂਬੇ ‘ਚ ਜਿਥੇ ਅਕਾਲੀ-ਭਾਜਪਾ ਗਠਜੋੜ ਨਾਲ ਨਜਿੱਠਣਾ ਹੈ, ਉਥੇ ਦੂਜੇ ਪਾਸੇ ਉਸ ਨੇ ਆਮ ਆਦਮੀ ਪਾਰਟੀ ਨਾਲ ਨਜਿੱਠਣ ਦੀ ਚੁਨੌਤੀ ਦਾ ਵੀ ਸਾਹਮਣਾ ਕਰਨਾ ਹੈ।
ਰਾਣਾ ਸੋਢੀ ਨੇ ਕਿਹਾ ਕਿ ਬਾਜਵਾ ਦੀ ਗੁਰਦਾਸਪੁਰ ‘ਚ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਤੋਂ ਪਤਾ ਲੱਗਦਾ ਹੈ ਕਿ ਬਾਜਵਾ ਆਪਣੇ ਖੇਤਰ ‘ਚ ਵੀ ਲੋਕਾਂ ਨਾਲੋਂ ਕੱਟੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਧਾਨ ਦੇ ਹੱਥਾਂ ‘ਚ ਪੰਜਾਬ ਦੇ ਹਿਤ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਕਾਂਗਰਸੀ ਵਿਧਾਇਕ ਦਿੱਲੀ ਜਾ ਕੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਿਆਸੀ ਸਥਿਤੀ ਤੋਂ ਜਾਣੂ ਕਰਵਾਉਣਗੇ। 
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਨਾਲ ਅਰੁਣ ਜੇਤਲੀ ਵਰਗੇ ਭਾਜਪਾ ਨੇਤਾ ਨੂੰ ਹਰਾਇਆ ਹੈ, ਉਸ ਨੂੰ ਦੇਖਦੇ ਹੋਏ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਮੁੜ ਤੋਂ ਕੈਪਟਨ ਨੂੰ ਸੌਂਪੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦਾ ਜਨ ਆਧਾਰ ਸਾਰੇ ਵਰਗਾਂ ‘ਚ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਦ ‘ਚ ਤਾਂ ਹੁਣ ਕੈਪਟਨ ਦੀ ਆਵਾਜ਼ ਗੂੰਜੇਗੀ ਹੀ ਪਰ ਉਹ ਹੁਣ ਪੰਜਾਬ ‘ਚ ਵੀ ਪਾਰਟੀ ਨੂੰ  ਇਕਜੁਟ ਕਰਨਗੇ ਕਿਉਂਕਿ ਪਾਰਟੀ ਸਾਹਮਣੇ ਅਨੇਕਾਂ ਚੁਨੌਤੀਆਂ ਹਨ।

468 ad