ਅਫੀਮ ਤੇ ਹੈਰੋਇਨ ਵਰਗੇ ਪਦਾਰਥਾਂ ਦੀ ਬਰਾਮਦਗੀ ਪੱਖੋਂ ਪੰਜਾਬ ਦੇਸ਼ ਵਿੱਚੋਂ ਮੋਹਰੀ

ਭਾਰਤ ਵਿੱਚੋਂ ਬਰਾਮਦ ਹੁੰਦੀ ਅਫੀਮ ਦੀ 41 ਫੀਸਦੀ ਤੇ ਹੈਰੋਇਨ ਦੀ 29 ਫੀਸਦੀ ਬਰਾਮਦਗੀ ਪੰਜਾਬ ਵਿੱਚੋਂ ਹੁੰਦੀ ਹੈ। ਪੰਜਾਬ ਪੁਲਸ ਵੱਲੋਂ ਦੇਸ਼ ਦੇ ਹੋਰ ਰਾਜਾਂ ਦੀ ਪੁਲਸ ਵੱਲੋਂ ਬਰਾਮਦ ਕੀਤੀ ਜਾਂਦੀ ਅਫੀਮ ਤੋਂ ਵੱਧ ਅਫੀਮ ਫੜੀ ਜਾਂਦੀ ਹੈ ਅਤੇ ਐਨ ਡੀ ਪੀ ਸੀ ਐਕਟ ਤਹਿਤ ਸਭ ਤੋਂ ਵੱਧ ਗ੍ਰਿਫਤਾਰੀਆਂ ਵੀ ਪੰਜਾਬ ਵਿੱਚ ਹੀ ਹੋ ਰਹੀਆਂ ਹਨ।

ਨੈਸ਼ਨਲ ਕਰਾਈਮ ਰਿਕਾਰਡ ਬਿਊਰੋ (ਐਨ ਸੀ ਆਰ ਬੀ) ਦੇ ਇਨ੍ਹਾਂ ਅੰਕੜਿਆਂ ਤੋਂ ਸੰਕੇਤ ਮਿਲਿਆ ਹੈ ਕਿ ਕੌਮਾਂਤਰੀ, ਕੌਮੀ ਤੇ ਰਾਜ ਪੱਧਰ ਦਾ ਡਰੱਗ ਮਾਫੀਆ ਪੰਜਾਬ ਵਿੱਚ ਨਸ਼ਿਆਂ ਦੀ ਸਮਗਲਿੰਗ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਨ੍ਹਾਂ ਅੰਕੜਿਆਂ ਤੋਂ ਰਾਜ ਵਿੱਚ ਵਿਆਪਕ ਪੱਧਰ ‘ਤੇ ਡਰੱਗ ਦੀ ਖਪਤ ਦਾ ਵੀ ਖੁਲਾਸਾ ਹੁੰਦਾ ਹੈ। ਐਨ ਸੀ ਆਰ ਬੀ ਦੇ ਅੰਕੜਿਆਂ ਅਨੁਸਾਰ ਜਿੱਥੇ ਦੇਸ਼ ਭਰ ਵਿੱਚੋਂ ਪੰਜਾਬ ‘ਚ ਨਸ਼ਿਆਂ ਦੀ ਬਰਾਮਦਗੀ ਸਭ ਤੋਂ ਵੱਧ ਹੋ ਰਹੀ ਹੈ, ਉਥੇ ਐਨ ਡੀ ਪੀ ਸੀ ਐਕਟ ਹੇਠ 63 ਫੀਸਦੀ ਗ੍ਰਿਫਤਾਰੀਆਂ ਇਕੱਲੇ ਪੰਜਾਬ ਵਿੱਚ ਹੁੰਦੀਆਂ ਹਨ। ਇਸ ਦੇ ਬਾਵਜੂਦ ਪੰਜਾਬ ਵਿਆਪਕ ਪੱਧਰ ‘ਤੇ ਨਸ਼ਿਆਂ ਵਿੱਚ ਘਿਰਿਆ ਪਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਇਨ੍ਹਾਂ ਅੰਕੜਿਆਂ ਨੂੰ ਪੰਜਾਬ ਪੁਲਸ ਦੀ ਪ੍ਰਾਪਤੀ ਦੱਸ ਰਹੀ ਹੈ।

ਐਨ ਸੀ ਬੀ ਆਰ ਦੇ ਅੰਕੜਿਆਂ ਅਨੁਸਾਰ 2013 ਵਿੱਚ ਦੇਸ਼ ਭਰ ਵਿੱਚੋਂ 2333 ਕਿਲੋ ਅਫੀਮ ਬਰਾਮਦ ਕੀਤੀਗਈ, ਜਦ ਕਿ ਇਸ ਵਰ੍ਹੇ ਪੰਜਾਬ ਵਿੱਚੋਂ 964 ਕਿਲੋ ਅਫੀਮ ਬਰਾਮਦ ਕੀਤੀ, ਜੋ ਦੇਸ਼ ਭਰ ਦੀ ਬਰਾਮਦਗੀ ਦਾ 41 ਫੀਸਦੀ ਹੈ। ਇਸੇ ਤਰ੍ਹਾਂ 2012 ਵਿੱਚ ਭਾਰਤ ਵਿੱਚੋਂ 3625 ਕਿਲੋ ਤੇ ਪੰਜਾਬ ਵਿੱਚੋਂ 1102 ਕਿਲੋ (30 ਫੀਸਦੀ) ਅਫੀਮ ਬਰਾਮਦ ਹੋਈ। ਸਾਲ 2011 ਵਿੱਚ ਦੇਸ਼ ਵਿੱਚੋਂ 2348 ਕਿਲੋ ਤੇ ਪੰਜਾਬ ਵਿੱਚੋਂ 863 ਕਿਲੋ (37 ਫੀਸਦੀ) ਅਫੀਮ ਬਰਾਮਦ ਹੋਈ ਸੀ। ਦੂਸਰੇ ਪਾਸੇ 2013 ਦੌਰਾਨ ਦੇਸ਼ ਭਰ ਵਿੱਚੋਂ 1450 ਕਿਲੋ ਹੈਰੋਇਨ ਫੜੀ ਗਈ, ਪਰ ਇਕੱਲੇ ਪੰਜਾਬ ਵਿੱਚੋਂ 417 ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜੋ ਦੇਸ਼ ਭਰ ਦੀ ਬਰਾਮਦਗੀ ਦਾ 29 ਫੀਸਦੀ ਹੈ। ਇਸੇ ਤਰ੍ਹਾਂ ਸਾਲ 2012 ਦੌਰਾਨ ਦੇਸ਼ ਵਿੱਚੋਂ 1033 ਕਿਲੋ ਤੇ ਪੰਜਾਬ ਵਿੱਚੋਂ 278 ਕਿਲੋ (27 ਫੀਸਦੀ) ਹੈਰੋਇਨ ਫੜੀ ਸੀ। ਸਾਲ 2011 ਵਿੱਚ ਦੇਸ਼ ਵਿੱਚੋਂ 528 ਕਿਲੋ ਅਤੇ ਪੰਜਾਬ ਵਿੱਚੋਂ 101 ਕਿਲੋ (19 ਫੀਸਦੀ) ਹੈਰੋਇਨ ਬਰਾਮਦ ਹੋਈ। ਪਿਛਲੇ ਵਰੇ੍ਹ ਐਨ ਡੀ ਪੀ ਸੀ ਐਕਟ ਤਹਿਤ ਦੇਸ਼ ਭਰ ਵਿੱਚੋਂ ਫੜੇ ਗਏ ਕੁੱਲ ਦੋਸ਼ੀਆਂ ਵਿੱਚੋਂ 63 ਫੀਸਦੀ ਵਿਅਕਤੀਆਂ ਦੀ ਗ੍ਰਿਫਤਾਰੀ ਪੰਜਾਬ ਤੋਂ ਹੋਈ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਸਾਲ 2013 ਦੌਰਾਨ ਭਾਰਤ ਵਿੱਚ ਐਨ ਡੀ ਪੀ ਸੀ ਐਕਟ ਤਹਿਤ ਕੁੱਲ 26,658 ਵਿਅਕਤੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇਕੱਲੇ ਪੰਜਾਬ ਵਿੱਚ 16,821 (63 ਫੀਸਦੀ) ਵਿਅਕਤੀ ਗ੍ਰਿਫਤਾਰ ਕੀਤੇ ਹਨ। ਇਸੇ ਤਰ੍ਹਾਂ 2011 ਦੌਰਾਨ ਇਸੇ ਦੋਸ਼ ਹੇਠ ਦੇਸ਼ ਭਰ ਵਿੱਚ 18,647 ਵਿਅਕਤੀ ਗ੍ਰਿਫਤਾਰ ਕੀਤੇ ਸਨ, ਇਨ੍ਹਾਂ ਵਿੱਚੋਂ 6125 ਵਿਅਕਤੀ (33 ਫੀਸਦੀ) ਪੰਜਾਬ ਵਿੱਚੋਂ ਗ੍ਰਿਫਤਾਰ ਕੀਤੇ ਹਨ। ਸਾਲ 2012 ਦੌਰਾਨ ਦੇਸ਼ ਭਰ ਵਿੱਚ ਐਨ ਡੀ ਪੀ ਐਸ ਐਕਟ ਦੇ ਕੁੱਲ 28,329 ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚੋਂ 10, 220 (36 ਫੀਸਦੀ) ਕੇਸ ਪੰਜਾਬ ਪੁਲਸ ਵੱਲੋਂ ਦਰਜ ਕੀਤੇ ਗਏ ਹਨ। ਪਿਛਲੇ ਵਰ੍ਹੇ ਹੋਰ ਰਾਜਾਂ ਦੀ ਪੁਲਸ ਨੇ ਕੁੱਲ 954 ਕਿਲੋ ਅਫੀਮ ਬਰਾਮਦ ਕੀਤੀ, ਜਦ ਕਿ ਪੰਜਾਬ ਪੁਲਸ ਨੇ ਸਾਰੇ ਰਾਜਾਂ ਦੀ ਪੁਲਸ ਤੋਂ ਵੱਧ 964 ਕਿਲੋ ਅਫੀਮ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਹੋਰ ਸਾਰੇ ਰਾਜਾਂ ਦੀ ਪੁਲਸ ਨੇ ਪਿਛਲੇ ਵਰ੍ਹੇ 643 ਕਿਲੋ ਹੈਰੋਇਨ ਬਰਾਮਦ ਕੀਤੀ, ਪਰ ਇਕੱਲੀ ਪੰਜਾਬ ਪੁਲਸ ਨੇ 417 ਕਿਲੋ (29 ਫੀਸਦੀ) ਹੈਰੋਇਨ ਬਰਾਮਦ ਕੀਤੀ ਹੈ।

468 ad