ਅਡਵਾਨੀ ਨੇ ਮੋਦੀ ਨੂੰ ਜਿੱਤ ਦਾ ਸਿਹਰਾ ਦੇਣ ਤੋਂ ਟਾਲਾ ਵੱਟਿਆ

advani-220x300

ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਨਰਿੰਦਰ ਮਦੀ ਨੂੰ ਵਧਾਈ ਤਾਂ ਦਿੱਤੀ, ਪਰ ਇਸ ਦਾ ਪੂਰਾ ਸਿਹਰਾ ਉਨ੍ਹਾ ਨੂੰ ਦੇਣ ਤੋਂ ਬਚਦਿਆਂ ਕਿਹਾ ਕਿ ਪਾਰਟੀ ਦੀ ਇਸ ਇਤਿਹਾਸਕ ਜਿੱਤ ‘ਚ ਉਨ੍ਹਾ ਦੀ ਅਗਵਾਈ ਦਾ ਕਿੰਨਾ ਯੋਗਦਾਨ ਰਿਹਾ ਹੈ ਇਸ ਦਾ ਅਨੁਮਾਨ ਲਾਉਣ ਦੀ ਲੋੜ ਹੈ। ਅਡਵਾਨੀ ਦੇ ਰਿਸ਼ਤੇ ਮੋਦੀ ਨਾਲ ਕੋਈ ਬਹੁਤੇ ਵਧੀਆ ਨਹੀਂ ਹਨ। ਉਨ੍ਹਾ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਨੂੰ ਆਪਣੇ ਦਮ ‘ਤੇ ਸਪੱਸ਼ਟ ਬਹੁਮਤ ਮਿਲਣ ਦੇ ਸੰਕੇਤ ਮਿਲਣ ਤੋਂ ਬਾਅਦ ਮੋਦੀ ਨੂੰ ਫੋਨ ਕੀਤਾ। ਪਾਰਟੀ ਦੀ ਜਿੱਤ ਤੋਂ ਭਾਵੁਕ ਅਡਵਾਨੀ ਜਿੱਤ ਦੇ ਜਸ਼ਨ ‘ਚ ਹਿੱਸਾ ਲੈਣ ਲਈ ਪਾਰਟੀ ਦਫਤਰ ਵੀ ਗਏ। ਲੋਕ ਸਭਾ ਚੋਣਾਂ 2014 ‘ਚ ਭਾਜਪਾ ਨੂੰ ਮਿਲ ਰਹੀ ਸਫਲਤਾ ਤੋਂ ਉਤਸ਼ਾਹਤ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਦੇਸ਼ ਨੇ ਐਸੀ ਚੋਣ ਪਹਿਲਾਂ ਕਦੀ ਨਹੀਂ ਵੇਖੀ। ਜਨਤਾ ਨੇ ਇਸ ਵਾਰ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਮਾੜੇ ਰਾਜ ਪ੍ਰਬੰਧ ਖਿਲਾਫ ਵੋਟ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਡਵਾਨੀ ਨੇ ਕਿਹਾ ਕਿ ਜਨਤਾ ਨੇ ਭ੍ਰਿਸ਼ਟਾਚਾਰ ਖਿਲਾਫ ਵੋਟ ਦਿੱਤਾ ਹੈ। ਨਾਲ ਹੀ ਜਨਤਾ ‘ਚ ਵੰਸ਼ਵਾਦ ਨੂੰ ਲੈ ਕੇ ਗੁੱਸਾ ਸੀ ਅਤੇ ਇਹ ਗੁੱਸਾ ਜਨਤਾ ਨੇ ਆਪਣੀਆਂ ਵੋਟਾਂ ਰਾਹੀਂ ਪ੍ਰਗਟ ਕੀਤਾ। ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਮਾੜਾ ਰਾਜ ਪ੍ਰਬੰਧ ਕਾਂਗਰਸ ਦੀ ਹਾਰ ਦੇ ਪ੍ਰਮੁੱਖ ਕਾਰਨ ਹਨ। ਭਾਜਪਾ ਆਗੂ ਨੇ ਕਿਹਾ ਕਿ ਚੋਣ ਸਿੱਟੇ ਤੋਂ ਸਿਆਸੀ ਪਾਰਟੀਆਂ ਨੂੰ ਸਬਕ ਸਿੱਖਣ ਦੀ ਲੋੜ ਹੈ। ਭਾਜਪਾ ਦੀ ਇਸ ਜਿੱਤ ‘ਚ ਨਰਿੰਦਰ ਮੋਦੀ, ਆਰ ਐੱਸ ਐੱਸ ਅਤੇ ਹੋਰਨਾਂ ਸਹਿਯੋਗੀਆਂ ਦਾ ਕਿੰਨਾ ਯੋਗਦਾਨ ਹੈ। ਇਹ ਵੇਖਣਾ ਹੋਵੇਗਾ। ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਅਡਵਾਨੀ ਨੇ ਕਿਹਾ ਕਿ ਅਸੀਂ ਉਨ੍ਹਾ ਸੀਟਾਂ ਤੋਂ ਜਿੱਤੇ, ਜਿੱਥੋਂ ਪਹਿਲਾਂ ਕਦੇ ਨਹੀਂ ਜਿੱਤੇ।

468 ad