ਅਕਾਲੀ ਆਗੂ ਨੇ ਮਜ਼ਦੂਰ ਨੇਤਾ ਨੂੰ ਬੋਲੇ ਜਾਤੀ ਸੂਚਕ ਸ਼ਬਦ

 ਅਕਾਲੀ ਆਗੂ ਨੇ ਮਜ਼ਦੂਰ ਨੇਤਾ ਨੂੰ ਬੋਲੇ ਜਾਤੀ ਸੂਚਕ ਸ਼ਬਦ

** ਕਿਸਾਨ ਯੂਨੀਅਨ ਨੇ ਥਾਣੇ ਸ਼ਿਕਾਇਤ ਦਰਜ ਕਰਵਾਈ **

ਬੱਧਨੀ ਕਲਾਂ-ਇਸ ਖੇਤਰ ਦੇ ਇਕ ਪਿੰਡ ਦੇ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਆਗੂ ਰਣਜੋਧ ਸਿੰਘ ਜੋਧਾ ਨੂੰ ਇਲਾਕੇ ਦੇ ਇਕ ਅਕਾਲੀ ਆਗੂ ਵਲੋਂ ਜਾਤੀ ਸੂਚਕ ਸ਼ਬਦ ਬੋਲੇ ਜਾਣ ਤੋਂ ਬਾਅਦ ਇਲਾਕੇ ਦੀ ਸਥਿਤੀ ਤਨਾਅ ਪੂਰਨ ਬਣ ਗਈ ਹੈ। ਮਜ਼ਦੂਰ ਆਗੂ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਣ ਤੋਂ ਭੜਕੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਦੋਸ਼ ਲਗਾਇਆ ਕਿ ਉਹ ਇਲਾਕੇ ਦੀ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਣ ਲਈ ਮਾਮਲਾ ਪਿੰਡ ਦੀ ਸੱਥ ਵਿਚ ਨਿਬੇੜਣਾ ਚਾਹੁੰਦੇ ਸਨ ਪਰ ਉਕਤ ਅਕਾਲੀ ਆਗੂ ਵਲੋਂ ਸੱਥ ਵਿਚ ਵੀ ਕਿਸਾਨਾਂ ਅਤੇ ਮਜ਼ਦੂਰ ਆਗੂਆਂ ਨਾਲ ਦੁਰਵਿਵਹਾਰ ਕੀਤਾ ਗਿਆ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਅਤੇ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਦੀ ਇਕੱਤਰਤਾ ਕਰਕੇ ਉਕਤ ਅਕਾਲੀ ਆਗੂ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦਾ ਰਾਹ ਰੋਕਣਾ ਅਤੇ ਅਪ ਸ਼ਬਦ ਬੋਲਣਾ ਕਾਨੂੰਨੀ ਜੁਰਮ ਹੈ ਪਰ ਫਿਰ ਵੀ ਅਕਾਲੀ ਆਗੂ ਵਲੋਂ ਸ਼ਰੇਆਮ ਮਜ਼ਦੂਰ ਨਾਲ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਥਾਣਾ ਬੱਧਨੀ ਕਲਾਂ ਵਿਖੇ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨੂੰ ਜੇਕਰ ਜ਼ਿਲਾ ਪੱਧਰ ਜਾਂ ਪੰਜਾਬ ਪੱਧਰ ‘ਤੇ ਚੁੱਕਣ ਦੀ ਲੋੜ ਪਈ ਤਾਂ ਕਿਸੇ ਵੀ ਕੀਮਤ ‘ਤੇ ਪਿਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਬੂਟਾ ਸਿੰਘ ਭਾਗੀਕੇ, ਗੁਰਚਰਨ ਸਿੰਘ ਰਾਮਾ, ਜੱਗਾ ਸਿੰਘ ਕੁੱਸਾ, ਗੁਰਜੀਤ ਕੁੱਸਾ, ਕਰਤਾਰ ਕੁੱਸਾ, ਜ਼ੋਰਾ ਸਿੰਘ ਕੁੱਸਾ, ਬੂਟਾ ਸਿੰਘ ਕੁੱਸਾ ਵੀ ਹਾਜ਼ਰ ਸਨ। ਦੂਜੇ ਪਾਸੇ ਥਾਣਾ ਬੱਧਨੀ ਕਲਾਂ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

468 ad