ਅਕਾਲੀਆਂ ਵੱਲੋਂ ਆਮ ਆਦਮੀ ਪਾਰਟੀ ਸਮਰਥਕਾਂ ‘ਤੇ ਹਮਲਾ, ਕੀਤਾ ਜ਼ਖਮੀ

aap-mohali

ਮੁਹਾਲੀ – ਪੰਜਾਬ ਵਿੱਚ 30 ਅਪਰੈਲ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਹੇਠਲੇ ਪੱਧਰ ’ਤੇ ਰਾਜਸੀ ਪਾਰਟੀਆਂ ਦੇ ਵਰਕਰਾਂ ਵਿੱਚ ਪੈਦਾ ਹੋਈ ਕੁੜੱਤਣ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ।

ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਰਾਤ ਆਮ ਆਦਮੀ ਪਾਰਟੀ ਦੇ ਸਮਰਥਕ ਤੇ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ’ਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ।

ਇਸ ਹਮਲੇ ਵਿੱਚ ਸ੍ਰੀ ਕੁੰਭੜਾ ਦੇ ਦੋ ਬੇਟੇ ਮਨਦੀਪ ਸਿੰਘ, ਹਰਦੀਪ ਸਿੰਘ ਤੇ ਇੱਕ ਭਤੀਜੇ ਸੁਰਿੰਦਰ ਸਿੰਘ ਉਰਫ਼ ਮੰਗਾ ਨੂੰ ਵੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਜ਼ਖ਼ਮੀ ਪਿਉ-ਪੁੱਤਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ।

ਕੁੰਭੜਾ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਪਤਨੀ ਨਾਲ ਬਦਸਲੂਕੀ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਜ਼ਲੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੀ ਕੀਤਾ।

ਅਕਾਲੀ ਸਮਰਥਕ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਜ਼ਬਰਦਸਤੀ ਰੇਤ ਦੇ ਟਿੱਪਰ ਖਾਲੀ ਕਰ ਰਹੇ ਸਨ। ਕੁੰਭੜਾ ਅਨੁਸਾਰ ਤਰਲੇ ਕੱਢੇ ਕਿ ਉਹ ਇਥੇ ਰੇਤਾ ਨਾ ਸੁੱਟਣ ਪਰ ਉਨ੍ਹਾਂ ਇੱਕ ਨਹੀਂ ਸੁਣੀ ਗਈ। ਉਹ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਕੁੰਭੜਾ ਦੇ ਬੇਟੇ ਅਤੇ ਭਤੀਜੇ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਕੁਟਾਪਾ ਚਾੜ੍ਹਿਆ।

ਕੁੰਭੜਾ ਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਹਮਲਾਵਰਾਂ ’ਚੋਂ ਛੁੱਟ ਕੇ ਆਪਣੀ ਜਾਨ ਬਚਾਉਣ ਲਈ ਘਰ ਵੱਲ ਦੌੜੇ ਪਰ ਹਮਲਾਵਰ ਵੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਘਰ ਵਿੱਚ ਵੜ ਗਏ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਹਿਰ ਢਾਹਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਸਿਆਸੀ ਦਬਾਅ ਪੈਣ ਕਾਰਨ ਹੁਣ ਤੱਕ ਅਕਾਲੀ ਸਮਰਥਕ ਹਮਲਾਵਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।

468 ad