ਅਕਾਲੀਆਂ ਨੇ ਭਾਜਪਾ ਮੰਤਰੀਆਂ ‘ਤੇ ਗੁੱਸਾ ਕੱਢਣਾ ਸ਼ੁਰੂ ਕੀਤਾ : ਬਾਜਵਾ

ਅਕਾਲੀਆਂ ਨੇ ਭਾਜਪਾ ਮੰਤਰੀਆਂ 'ਤੇ ਗੁੱਸਾ ਕੱਢਣਾ ਸ਼ੁਰੂ ਕੀਤਾ : ਬਾਜਵਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਦੁਖੀ ਸੱਤਾਧਾਰੀ ਅਕਾਲੀ ਆਗੂਆਂ ਨੇ ਇਥੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ‘ਤੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਸੂਬੇ ਦੇ ਵਪਾਰੀ ਤੇ ਉਦਯੋਗ ਵਰਗ ਦੀਆਂ ਚਿੰਤਾਵਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਇਥੋਂ ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਕਿ ਹੈਰਾਨੀਜਨਕ ਹੈ ਕਿ ਅਕਾਲੀ ਦਲ ਨੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਗਠਜੋੜ ਧਰਮ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਾਫ ਤੌਰ ‘ਤੇ ਅਕਾਲੀ ਆਗੂ ਆਪਣੇ ਗਠਜੋੜ ਆਗੂਆਂ ਨੂੰ ਸਤਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਰੋਣ ਨਹੀਂ ਦੇਣਗੇ। ਹੈਰਾਨੀਜਨਕ ਹੈ ਕਿ ਕੇਂਦਰ ਦੀ ਸੱਤਾ ‘ਚ ਹੋਣ ਦੇ ਬਾਵਜੂਦ ਭਾਜਪਾ ਆਪਣੇ ਅਕਾਲੀ ਸਾਂਝੇਦਾਰਾਂ ਦਾ ਸ਼ੋਸ਼ਣਕਾਰੀ ਵਤੀਰਾ ਸਹਿਣ ਕਰ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਸੋਸ਼ਲ ਇੰਜੀਨੀਅਰਿੰਗ ਤਜਰਬੇ ਹੇਠ ਹਿੰਦੂ ਉਮੀਦਵਾਰਾਂ ਨੂੰ ਖੜ੍ਹੇ ਕਰਕੇ ਕਥਿਤ ਤੌਰ ‘ਤੇ ਭਾਜਪਾ ਦੇ ਪੁਰਾਣੇ ਆਧਾਰ ਮੰਨੇ ਜਾਂਦੇ ਸ਼ਹਿਰੀ ਇਲਾਕਿਆਂ ‘ਤੇ ਚੜ੍ਹਾਈ ਕਰਨਾ ਚਾਹੁੰਦੇ ਹਨ। ਪਟਿਆਲਾ ‘ਚ ਅਕਾਲੀ ਦਲ ਨੇ ਤਾਜ਼ਾ ਤਜਰਬਾ ਕੀਤਾ ਹੈ, ਜਦਕਿ ਪਹਿਲਾਂ ਸ਼ਹਿਰੀ ਸਿੱਖ ਸਮੁਦਾਵਾਂ ਤੋਂ ਉਮੀਦਵਾਰ ਉਤਾਰਿਆ ਜਾਂਦਾ ਸੀ। ਇਹ ਅਕਾਲੀ ਦਲ ਅਗਵਾਈ ਦੀ ਭਵਿੱਖ ‘ਚ ਪੈਦਾ ਹੋਣ ਵਾਲੇ ਹਾਲਾਤ ‘ਚ ਆਪਣੇ ਪੱਧਰ ‘ਤੇ ਚੋਣ ਲੜਨ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਐੱਨ. ਡੀ. ਏ. ਸਰਕਾਰ ਤੋਂ ਵੱਡੀਆਂ ਉਮੀਦਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਪਹਿਲੇ ਬਜਟ ‘ਚ ਪੰਜਾਬ ਨੂੰ ਕੋਈ ਵਿਸ਼ੇਸ਼ ਗ੍ਰਾਂਟ ਜਾਂ ਛੋਟ ਨਾ ਦੇ ਕੇ ਅਕਾਲੀ ਦਲ ਨੂੰ ਖੁੱਡੇ ਲਾਈਨ ਲਗਾ ਦਿੱਤਾ ਸੀ। 
ਦੂਜਾ ਵੱਡਾ ਮੁੱਦਾ ਜਿਥੇ ਬਾਦਲ ਨੂੰ ਐੱਨ. ਡੀ. ਏ. ਸਰਕਾਰ ਦੇ ਵਤੀਰੇ ਕਾਰਨ ਅਪਮਾਨ ਦਾ ਸਾਹਮਣਾ ਕਰਨਾ ਪਿਆ, ਉਹ ਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਮਾਣ। ਜਿਸ ਮਾਮਲੇ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਖਲ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਨਾਲ ਕੇਂਦਰ-ਸੂਬਾਈ ਸਬੰਧਾਂ ‘ਤੇ ਅਸਰ ਪੈ ਸਕਦਾ ਸੀ। ਇਹ ਮੁੱਦਾ ਹੁਣ ਜੂਡੀਸ਼ਰੀ ਕੋਲ ਹੈ, ਜਿਥੇ ਹਰਿਆਣਾ ਦੇ ਕਦਮ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਬਾਦਲ ਹੁਣ ਇਸ ਮੁੱਦੇ ‘ਤੇ ਨਿਰਾਸ਼ ਹਨ।

468 ad