ਅਕਾਲੀਆਂ ਤੇ ਕਾਂਗਰਸੀਆਂ ‘ਚ ਚੱਲੀ ਗੋਲੀ

ਭਾਵੇਂ ਕਿ ਚੋਣਾਂ ‘ਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਕਾਬੂ ਰੱਖਣ ਲਈ ਚੋਣ ਜ਼ਾਬਤਾ ਸ਼ੁਰੂ ਹੁੰਦਿਆਂ ਹੀ ਪੁਲਸ ਵਲੋਂ ਲੋਕਾਂ ਦੇ ਹਥਿਆਰ ਜਮ੍ਹਾ ਕਰ ਲਏ ਜਾਂਦੇ ਹਨ ਪਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਲੁਕਮਾਨੀਆਂ ਵਿਖੇ ਅੱਜ ਹੋਏ ਝਗੜੇ ਦੌਰਾਨ ਚੱਲੀ ਗੋਲੀ ਨੇ ਸਸਪੈਂਸ ਕਾਇਮ ਕਰ ਦਿੱਤਾ ਹੈ, ਜਿਸਦੇ ਚਲਦਿਆਂ ਇਕ ਨੌਜਵਾਨ ਦੇ ਗੋਲੀ ਲੱਗਣ ਅਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਅੰਗਰੇਜ਼ ਸਿੰਘ ਉਸਦਾ ਭਤੀਜਾ ਗੁਰਵਿੰਦਰ ਸਿੰਘ ਪੁਤਰ ਸੁਰਜੀਤ ਸਿੰਘ ਮੰਡੀ ਵਿਚ ਕਣਕ ਲੈ ਕੇ ਗਿਆ ਸੀ ਅਤੇ ਉਥੇ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਜਗਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨਾਲ ਉਸਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ‘ਤੇ ਅਕਾਲੀ ਸਰਪੰਚ ਹਰਭਜਨ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਬਖਸ਼ ਸਿੰਘ ਸਮੇਤ ਹੋਰ ਕਈ ਵਿਅਕਤੀ ਮੰਡੀ ‘ਚ ਪਹੁੰਚ ਗਏ, ਜਿਨ੍ਹਾਂ ਸਾਡੇ ਭਤੀਜੇ ਦੀ ਮਾਰਕੁੱਟ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਇਸ ਬਾਰੇ ਪਤਾ ਚੱਲਿਆ ਤਾਂ ਅਸੀਂ ਵੀ ਆਪਣੀ ਗੱਡੀ ‘ਚ ਸਵਾਰ ਹੋ ਕੇ ਮੌਕੇ ਲਈ ਰਵਾਨਾ ਹੋਏ ਤਾਂ ਰਸਤੇ ਵਿਚ ਸਾਨੂੰ ਉਕਤ ਪਾਰਟੀ ਨੇ ਰੋਕ ਕੇ ਸਾਡੇ ‘ਤੇ ਹਮਲਾ ਕਰ ਦਿੱਤਾ ਅਤੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਪਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਪੇਟ ‘ਚ ਗੋਲੀ ਲੱਗਣ ਕਰਕੇ ਗੰਭੀਰ ਜ਼ਖਮੀ ਹੋ ਗਿਆ, ਜਦਕਿ ਤੇਜ਼ਧਾਰ ਹਥਿਆਰਾਂ ਨਾਲ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੂੰ ਜ਼ਖਮੀ ਕਰ ਦਿੱਤਾ। ਇਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਗੰਭੀਰ ਹਾਲਤ ‘ਚ ਦਾਖਲ ਕਰਵਾਇਆ ਗਿਆ ਹੈ। 
ਜਦਕਿ ਦੂਸਰੀ ਧਿਰ ਦੇ ਅਕਾਲੀ ਸਰਪੰਚ ਹਰਭਜਨ ਸਿੰਘ ਲੁਕਮਾਨੀਆਂ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਆਪਸੀ ਝਗੜੇ ਦੌਰਾਨ ਉਨ੍ਹਾਂ ਦੇ ਸੂਬੇਦਾਰ ਗੁਰਬਖਸ਼ ਸਿੰਘ ਦੀ ਲੱਤ ‘ਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਦੇ ਵੀ ਕੁਝ ਵਿਅਕਤੀ ਜ਼ਖਮੀ ਹਨ। 


ਵਿਧਾਇਕ ਰੰਧਾਵਾ ਨੇ ਦੋਸ਼ੀਆਂ ਸਮੇਤ ਡੀ. ਐੱਸ. ਪੀ. ਤੇ ਐੱਸ. ਐੱਚ. ਓ. ਵਿਰੁੱਧ ਵੀ ਪਰਚਾ ਦਰਜ ਕਰਨ ਦੀ ਕੀਤੀ ਮੰਗ : ਇਸ ਸਬੰਧੀ ਜਦੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਚੱਲੀ ਗੋਲੀ ਦੇ ਸਬੰਧ ‘ਚ ਉਨ੍ਹਾਂ ਮੁਖ ਚੋਣ ਕਮਿਸ਼ਨਰ ਭਾਰਤ ਸਰਕਾਰ, ਚੀਫ ਇਲੈਕਟਰੋਲ ਅਫਸਰ ਪੰਜਾਬ, ਪੁਲਸ ਆਬਜ਼ਰਵਰ ਲੋਕ ਸਭਾ ਹਲਕਾ ਗੁਰਦਾਸਪੁਰ, ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਸ ਬਟਾਲਾ ਨੂੰ ਪੱਤਰ ਲਿਖ ਕੇ ਉਕਤ ਸਾਰੇ ਅਫਸਰਾਂ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਨਾਲ-ਨਾਲ ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਅਸਫਲ ਰਹੇ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਅਤੇ ਐੱਸ. ਐੱਚ. ਓ. ਕੋਟਲੀ ਸੂਰਤ ਮੱਲ੍ਹੀ ਵਿਰੁੱਧ ਵੀ ਪਰਚਾ ਦਰਜ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਐੱਸ. ਐੱਚ. ਓ. ਕੋਟਲੀ ਸੂਰਤ ਮੱਲ੍ਹੀ ਨੂੰ ਅਹੁਦੇ ਤੋਂ ਡਿਸਮਿਸ ਕੀਤਾ ਜਾਵੇ ਕਿਉਂਕਿ ਉਸ ਨੇ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਹਥਿਆਰ ਜਮ੍ਹਾ ਨਹੀਂ ਕਰਵਾਏ। 


ਕੀ ਕਹਿਣਾ ਹੈ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਦਾ : ਉਕਤ ਸਾਰੇ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਗੁਰਮੀਤ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਗੋਲੀ ਪਰਮਜੀਤ ਸਿੰਘ ਦੇ ਪੇਟ ‘ਚ ਲੱਗੀ ਹੈ, ਉਹ ਗੋਲੀ ਨਿਕਲਣ ਤੋਂ ਬਾਅਦ ਉਸਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੋਲੀ ਕਿਸ ਹਥਿਆਰ ਨਾਲ ਚੱਲੀ ਹੈ। 
ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਚਾਰ ਲਾਇਸੈਂਸੀ ਹਥਿਆਰ ਹਨ ਅਤੇ ਉਹ ਚਾਰੋਂ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਮ੍ਹਾ ਹਨ, ਜਿਸ ਦੀਆਂ ਰਸੀਦਾਂ ਉਨ੍ਹਾਂ ਦੇ ਕੋਲ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਤਫਤੀਸ਼ ਨਿਰਪੱਖ ਹੋ ਕੇ ਕਰ ਰਹੇ ਹਨ ਅਤੇ ਜੋ ਵੀ ਉਕਤ ਮਾਮਲੇ ਸਬੰਧੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

468 ad